ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਅਪਰੈਲ
ਸ੍ਰੀਮਤੀ ਸਾਕਸ਼ੀ ਸਾਹਨੀ (2014 ਬੈਚ ਦੇ ਆਈ.ਏ.ਐਸ. ਅਧਿਕਾਰੀ) ਨੇ ਅੱਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ। ਉਹ ਪਟਿਆਲਾ ਵਿਖੇ ਤਾਇਨਾਤ ਹੋਏ ਪਲੇਠੇ ਮਹਿਲਾ ਡਿਪਟੀ ਕਮਿਸ਼ਨਰ ਹਨ। ਉਨ੍ਹਾਂ ਨੇ ਸੰਦੀਪ ਹੰਸ ਦੀ ਥਾਂ ਲਈ ਹੈ ਜਿਨ੍ਹਾਂ ਨੂੰ ਇਥੋਂ ਬਦਲ ਕੇ ਹੁਸ਼ਿਆਰਪੁਰ ਦਾ ਡੀ.ਸੀ ਲਾਇਆ ਗਿਆ ਹੈ। ਅਹੁਦਾ ਸੰਭਾਲਣ ਮੌਕੇ ਸਾਕਸ਼ੀ ਸਾਹਨੀ ਨੇ ਕਿਹਾ ਕਿ ਲੋਕਾਂ ਦੇ ਸਰਕਾਰੀ ਦਫ਼ਤਰਾਂ ’ਚ ਬਕਾਇਆ ਕੰਮਾਂ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਜ਼ਿਲ੍ਹਾ ਪ੍ਰਸ਼ਾਸਨ ਕੈਂਪ ਆਧਾਰਿਤ ਮਾਡਲ ਅਪਣਾ ਕੇ ਲੋਕਾਂ ਦੀਆਂ ਬਰੂਹਾਂ ਤੱਕ ਪਹੁੰਚ ਬਣਾਏਗਾ। ਉਹ ਵਧੀਕ ਸਕੱਤਰ ਕੋਆਰਡੀਨੇਸ਼ਨ ਅਤੇ ਮੁੱਖ ਸਕੱਤਰ ਪੰਜਾਬ ਦੇ ਸਟਾਫ਼ ਅਫ਼ਸਰ ਵਜੋਂ ਚੰਡੀਗੜ੍ਹ ਵਿਖੇ ਸੇਵਾਵਾਂ ਨਿਭਾਅ ਰਹੇ ਸਨ। ਮੁਹਾਲ਼ੀ ਅਤੇ ਬਠਿੰਡਾ ਦੇ ਏ.ਡੀ.ਸੀ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਰਾਇ ਜਾਣਨ ਲਈ ਜਲਦ ਹੀ ਟਵਿਟਰ ਹੈਂਡਲ ਰਾਹੀਂ ਇੱਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਸੰਦੀਪ ਹੰਸ ਨੂੰ ਦਿੱਤੀ ਨਿੱਘੀ ਵਿਦਾਇਗੀ
ਇਸੇ ਦੌਰਾਨ ਡੀ.ਸੀ ਦਫਤਰ ਦੀ ਮੁਲਾਜ਼ਮ ਯੂਨੀਅਨ ਦੇ ਨੁਮਾਇੰਦੇ ਸੁਪਰਡੈਂਟ ਹਮੀਰ ਸਿੰਘ ਸੰਗਤੀਵਾਲ਼ਾ ਨੇ ਦੱਸਿਆ ਕਿ ਡੀ.ਸੀ ਦਫ਼ਤਰ ਦੀਆਂ ਸਮੂਹ ਬ੍ਰਾਂਚਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਡੀ.ਸੀ ਦਾ ਅਹੁਦਾ ਛੱਡ ਕੇ ਗਏ ਸੰਦੀਪ ਹੰਸ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਅਤੇ ਜਦਕਿ ਨਵੇਂ ਡਿਪਟੀ ਕਮਿਸ਼ਨਰ ਦਾ ਸਵਾਗਤ ਵੀ ਕੀਤਾ।