ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਮਾਰਚ
ਇੱਥੇ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਸੈਫ਼ੀ ਮੈਂਬਰਾਂ ਨੇ ਯੂਨੀਵਰਸਿਟੀ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਕੇ ਕਾਰਵਾਈ ਦੀ ਮੰਗ ਲਈ ਵਾਈਸ ਚਾਂਸਲਰ ਦਫਤਰ ਤੋਂ ਪੈਦਲ ਮਾਰਚ ਕੱਢਿਆ। ਇਸ ਮਗਰੋਂ ਉਨ੍ਹਾਂ ਯੂਨੀਵਰਸਿਟੀ ਦੇ ਮੇਨ ਗੇਟ ’ਤੇ ਪਹੁੰਚ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ, ਸੈਫ਼ੀ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸੈਫ਼ੀ ਵੱਲੋਂ ਲੰਮੇ ਸਮੇਂ ਤੋਂ ਘਪਲਿਆਂ ਵਿਰੁੱਧ ਲੜਾਈ ਲੜੀ ਜਾ ਰਹੀ ਹੈ। ਅਕਾਲੀ ਸਰਕਾਰ ਸਮੇਂ ਯੂਨੀਵਰਸਿਟੀ ਵਿੱਚ ਵੱਡੇ ਪੱਧਰ ਉੱਪਰ ਘਪਲੇ ਹੋਏ ਅਤੇ ਪਿਛਲੇ ਪੰਜ ਸਾਲਾਂ ਵਿੱਚ ਕਾਂਗਰਸ ਸਰਕਾਰ ਦੌਰਾਨ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਬਜਾਏ, ਉਲਟਾ ਉਨ੍ਹਾਂ ਨੂੰ ਬਚਾਇਆ ਜਾਂਦਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਿਯੁਕਤ ਵਾਈਸ ਚਾਸਲਰਾਂ ਵੱਲੋਂ ਦੋਸ਼ੀਆਂ ਉੱਪਰ ਕਾਰਵਾਈ ਦੀ ਥਾਂ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਸੈਫੀ ਪ੍ਰਧਾਨ ਦਾ ਇਹ ਵੀ ਕਹਿਣਾ ਸੀ ਕਿ ਸਰਕਾਰ ਜਾਅਲੀ ਐੱਸਸੀ/ਬੀਸੀ ਸਰਟੀਫਿਕੇਟ ਬਣਵਾ ਕੇ ਨੌਕਰੀ ਲੱਗੇ ਪ੍ਰੋਫੈਸਰਾਂ, ਅਯੋਗ ਪ੍ਰੋਫ਼ੈਸਰਾਂ ਸਮੇਤ ਪੇਪਰ ਖਰੀਦ, ਕਰੋੜਾਂ ਰੁਪਏ ਦੇ ਫਰਨੀਚਰ ਘਪਲੇ ਅਤੇ ਕਾਗਜ਼ ਖਰੀਦ ਆਦਿ ਮਸਲਿਆਂ ਦੇ ਦੋਸ਼ੀਆਂ ਉੱਪਰ ਤੁਰੰਤ ਕਾਰਵਾਈ ਕਰੇ। ਉਨ੍ਹਾਂ ਦੱਸਿਆ ਕਿ ਲਗਾਤਾਰ ਆਵਾਜ਼ ਉਠਾਈ ਜਾਣ ਕਰਕੇ ਜਾਅਲੀ ਸਰਟੀਫਿਕੇਟ ਲਗਾ ਨੌਕਰੀ ਲੱਗੇ ਪ੍ਰੋਫੈਸਰਾਂ ਦੀ ਜਾਂਚ ਲਈ 18 ਨਵੰਬਰ 2021 ਦੀ ਸਿੰਡੀਕੇਟ ਵਿੱਚ 15 ਦਿਨਾਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ 4 ਮਹੀਨੇ ਬੀਤਣ ’ਤੇ ਵੀ ਕੋਈ ਕਾਰਵਾਈ ਨਹੀਂ ਕੀਤੀ।
ਯਾਦੂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਨੇ 5 ਸਾਲ ਪਹਿਲਾਂ ਵੀ ਵਿਜੀਲੈਂਸ ਵਿਭਾਗ ਪੰਜਾਬ ਨੂੰ ਯੂਨੀਵਰਸਿਟੀ ਵਿੱਚ ਹੋਏ ਘੁਟਾਲਿਆਂ ਸਬੰਧੀ ਸ਼ਿਕਾਇਤਾਂ ਦਿੱਤੀਆਂ ਸਨ ਪਰ ਵਿਜੀਲੈਂਸ ਨੇ ਵੀ ਕਝ ਨਹੀਂ ਕੀਤਾ। ਹੁਣ ਨਵੀਂ ਬਣੀ ‘ਆਪ’ ਸਰਕਾਰ ਤੋਂ ਉਨ੍ਹਾਂ ਨੂੰ ਆਸਾਂ ਹਨ ਕਿ ਇਹ ਸਰਕਾਰ ਘੱਟੋ ਘੱਟ ਘੁਟਾਲਿਆਂ ਦੇ ਦੋਸ਼ੀਆਂ ਉੱਪਰ ਕਾਰਵਾਈ ਜ਼ਰੂਰ ਯਕੀਨੀ ਬਣਾਵੇਗੀ। ਇਸ ਮੌਕੇ ਮਨਦੀਪ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਰਸਵਿੰਦਰ ਸਿੰਘ,ਬਲਕਾਰ ਸਿੰਘ ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਤੇ ਅਮਨਿੰਦਰ ਆਦਿ ਮੌਜੂਦ ਸਨ।