ਖੇਤਰੀ ਪ੍ਰਤੀਨਿਧ
ਪਟਿਆਲਾ, 17 ਫਰਵਰੀ
ਚੋਣਾਂ ਦੇ ਦਿਨ ਵੀ ਇੱਕ ਤਰ੍ਹਾਂ ਨਾਲ ਵਿਆਹ ਵਰਗਾ ਮਾਹੌਲ ਸਿਰਜ ਦਿੰਦੇ ਹਨ। ਜਿਵੇਂ ਵਰ੍ਹਿਆਂ ਤੋਂ ਰੁੱਸੇ ਰਿਸ਼ਤੇਦਾਰਾਂ ਤੇ ਹੋਰ ਸਕੇ-ਸਬੰਧੀਆਂ ’ਚ ਵਿਆਹ ਮੌਕੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਹਨ, ਉਵੇਂ ਹੀ ਚੋਣਾਂ ਦੇ ਦਿਨ ਵੀ ਇਕ ਦੂਜੇ ਨੂੰ ਨੇੜੇ ਲਿਆਉਣ ਲਈ ਸਹਾਈ ਹੁੰਦੇ ਹਨ। ਅਜਿਹੀ ਹੀ ਤਾਜ਼ਾ ਘਟਨਾ ਇੱਥੇ ਵਾਪਰੀ। ਖਾਦੀ ਗਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਕਿਸੇ ਮਾਮਲੇ ਨੂੰ ਲੈ ਕੇ ਕੁਝ ਸਾਲਾਂ ਤੋਂ ਅਕਾਲੀ ਦਲ ਦੇ ਘਾਗ ਨੇਤਾ ਅਤੇ ਆਪਣੇ ਸਕੇ ਮਾਮੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨਾਲ਼ ਕਿਸੇ ਗੱਲ ਨੂੰ ਲੈ ਕੇ ਨਾਰਾਜ਼ ਸਨ।
ਮਾਰਕੀਟ ਕਮੇਟੀ ਦੇ ਚੇਅਰਮੈਨ, ਸਰਪੰਚ ਅਤੇ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਰਹੇ ਹਰਪਾਲਪੁਰ ਨਾਰਾਜ਼ ਹੋ ਕੇ ਪਿਛਲੇ ਮਹੀਨੇ ਅਕਾਲੀ ਦਲ ਛੱਡ ਕੇ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਹੋ ਗਏ ਸਨ। ਇਸ ਦੇ ਚੱਲਦਿਆਂ ਮੋਰਚੇ ਨੇ ਉਨ੍ਹਾਂ ਨੂੰ ਰਾਜਪੁਰਾ ਤੋਂ ਟਿਕਟ ਵੀ ਦੇ ਦਿੱਤੀ ਸੀ ਪਰ ਬਾਅਦ ਵਿੱਚ ਹਰਪਾਲਪੁਰ ਨੇ ਰਾਜਪੁਰਾ ਤੋਂ ਹੀ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਫਾਰਮ ਭਰ ਦਿੱਤੇ। ਪਤਾ ਲੱਗਣ ’ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਨ੍ਹਾਂ ਦੇ ਘਰ ਆ ਪੁੱਜੇ ਜਿਸ ਕਰਕੇ ਉਨ੍ਹਾਂ ਦੀ ਆਜ਼ਾਦ ਚੋਣ ਲੜਨ ਦੀ ਤਮੰਨਾ ਵੀ ਪੂਰੀ ਨਾ ਹੋ ਸਕੀ। ਇਸ ਤਰ੍ਹਾਂ ਸੁਖਬੀਰ ਬਾਦਲ ਨੇ ਹਰਵਿੰਦਰ ਹਰਪਾਲਪੁਰ ਨੂੰ ਮੁੜ ਅਕਾਲੀ ਦਲ ’ਚ ਸ਼ਾਮਲ ਕਰਦਿਆਂ ਚੰਦੂਮਾਜਰਾ ਦੇ ਹੱਕ ’ਚ ਪ੍ਰਚਾਰ ਲਈ ਤੁਰਨ ਦੀ ਤਾਕੀਦ ਕੀਤੀ।
ਇਸ ਤਰ੍ਹਾਂ ਹੁਣ ਹਰਪਾਲਪੁਰ ਨੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਘਨੌਰ ਤੋਂ ਅਕਾਲੀ ਉਮੀਦਵਾਰ ਆਪਣੇ ਸਕੇ ਮਾਮੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਾਮੇ ਦੇ ਪੁੱਤ ਤੇ ਸਨੌਰ ਤੋਂ ਉਮੀਦਵਾਰ ਹਰਿੰਦਰਪਾਲ ਚੰਦੂਮਾਜਰਾ ਦੀ ਚੋਣ ਮੁਹਿੰਮ ਦੀ ਕਮਾਨ ਸੰਭਾਲ਼ ਲਈ ਹੈ। ਉਧਰ ਮਾਮੇ ਦੀ ਚੋਣ ਮੁਹਿੰਮ ’ਚ ਕੁੱਦਦਿਆਂ ਹਰਪਾਲਪੁਰ ਨੇ ਉਨ੍ਹਾਂ ਦੇ ਵਿਰੋਧੀ ਤੇ ਕਾਂਗਰਸ ਉਮੀਦਵਾਰ ਮਦਨ ਲਾਲ ਜਲਾਲਪੁਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਐਤਕੀ ਜਲਾਲਪੁਰ ਨੂੰ ਲੋਕ ਜਿੱਤਣ ਨਹੀਂ ਦੇਣਗੇ।
ਲਾਲ ਸਿੰਘ ਤੇ ਹੈਰੀਮਾਨ ’ਚ ਦੂਰ ਹੋਏ ਗਿਲੇ ਸ਼ਿਕਵੇ
ਪਟਿਆਲਾ (ਖੇਤਰੀ ਪ੍ਰ੍ਰਤੀਨਿਧ): ਸਮਾਣਾ ਦੇ ਕਾਂਗਰਸੀ ਉਮੀਦਵਾਰ ਅਤੇ ਵਿਧਾਇਕ ਕਾਕਾ ਰਾਜਿੰਦਰ ਸਿੰਘ ਦੇ ਪਿਤਾ ਟਕਸਾਲੀ ਕਾਂਗਰਸੀ ਨੇਤਾ ਲਾਲ ਸਿੰਘ ਅਤੇ ਸਨੌਰ ਤੋਂ ਕਾਂਗਰਸ ਉਮੀਦਵਾਰ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਪਿਛਲੇ ਸਮੇਂ ਤੋਂ ਚੱਲੇ ਆ ਰਹੇ ਗਿਲੇ ਸ਼ਿਕਵੇ ਭੁਲਾ ਕੇ ਇੱੱਕ ਦੂਜੇ ਦੀ ਮਦਦ ਕਰਨ ਦਾ ਪ੍ਰਣ ਲਿਆ ਹੈ। ਅਜਿਹਾ ਅਹਿਦ ਦੋਵਾਂ ਪਰਿਵਾਰਾਂ ਨੇ ਅੱਜ ਪਟਿਆਲਾ ਸ਼ਹਿਰ ’ਚ ਕੀਤੀ ਗਈ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਅਸਲ ’ਚ ਸਨੌਰ ਹਲਕੇ ਤੋਂ ਦੂਜੀ ਵਾਰ ਕਾਂਗਰਸ ਉਮੀਦਵਾਰ ਵਜੋਂ ਚੋਣ ਲੜ ਰਹੇ ਹੈਰੀਮਾਨ ਦਾ ਪਿੰਡ ਜੌੜਾਮਾਜਰਾ ਮੂਲ ਰੂਪ ’ਚ ਸ਼ੁਤਰਾਣਾ ਹਲਕੇ ’ਚ ਪੈਂਦਾ ਹੈ ਤੇ ਉਹ ਸਮਾਣਾ ਖੇਤਰ ਨਾਲ਼ ਸਬੰਧਤ ਹਨ। ਸਮਾਣਾ ਤੋਂ ਉਹ ਕੁਝ ਸਾਲ ਪਹਿਲਾਂ ਆਜ਼ਾਦ ਤੌਰ ‘ਤੇ ਵਿਧਾਨ ਸਭਾ ਦੀ ਚੋਣ ਵੀ ਲੜ ਚੁੱਕੇ ਹਨ। ਉਧਰ ਇਸ ਵਕਤ ਸਮਾਣਾ ਦੇ ਵਿਧਾੲਕ ਕਾਕਾ ਰਾਜਿੰਦਰ ਸਿੰਘ ਸਨੌਰ ਖੇਤਰ ਨਾਲ਼ ਸਬੰਧਤ ਹਨ।