ਪੱਤਰ ਪ੍ਰੇਰਕ
ਘਨੌਰ, 22 ਮਾਰਚ
ਪੇਂਡੂ ਚੌਕੀਦਾਰ ਯੂਨੀਅਨ ਪੰਜਾਬ ਦੇ ਇੱਕ ਵਫਦ ਨੇ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੇ ਨਾਮ ਨਾਇਬ ਤਹਿਸੀਲਦਾਰ ਘਨੌਰ ਨੂੰ ਮੰਗ ਪੱਤਰ ਸੌਂਪਿਆ। ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਰਾਮ ਮੂਰਤੀ, ਸਲਾਹਕਾਰ ਓਮ ਸ਼ਰਮਾ ਸੋਗਲਪੁਰ, ਬਹਾਦਰ ਸਿੰਘ ਮਰਦਾਂਪੁਰ, ਕੇਸਰ ਸਿੰਘ ਚੱਪੜ, ਹਰਵਿੰਦਰ ਸਿੰਘ ਮੁੰਡ ਖੇੜਾ, ਧੰਨਾ ਸਿੰਘ ਜੰਡ ਮੰਗੌਲੀ ਅਤੇ ਹਜੂਰਾ ਸਿੰਘ ਹਰਪਾਲਪੁਰ ਸਮੇਤ ਹੋਰਨਾਂ ਨੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਘਨੌਰ ਮਨਿੰਦਰ ਸਿੰਘ ਨੂੰ ਸੌਂਪ ਕੇ ਮੰਗ ਕੀਤੀ ਕਿ ਪੇਂਡੂ ਚੌਕੀਦਾਰਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ ਜਨਵਰੀ 2004 ਤੋਂ ਡੀਸੀ ਰੇਟ ਅਨੁਸਾਰ ਤਨਖਾਹ ਦਿੱਤੀ ਜਾਵੇ। ਜਿਹੜੀ ਕਿ ਇਸ ਸਮੇਂ ਸਿਰਫ਼ 1200 ਰੁਪਏ ਪ੍ਰਤੀ ਮਹੀਨਾ ਮਿਲ ਰਹੀ ਹੈ। ਇਸ ਕਾਰਨ ਪੰਜਾਬ ਦੇ 10,500 ਚੌਕੀਦਾਰਾਂ ਦੇ ਪਰਿਵਾਰਾਂ ਦੀ ਆਰਥਿਕਤਾਂ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਪੇਂਡੂ ਚੌਕੀਦਾਰਾਂ ’ਤੇ ਕੰਮ ਦਾ ਬੋਝ ਘਟਾਇਆ ਜਾਵੇ। ਮਾਲ ਵਿਭਾਗ ਦੇ ਸੰਯੁਕਤ ਸਕੱਤਰ ਵੱਲੋਂ ਮਿਤੀ 04-10-2021 ਨੂੰ ਜਾਰੀ ਪੱਤਰ ਦੀ ਪਾਲਣਾ ਕਰਦਿਆਂ ਜਨਮ ਅਤੇ ਮੌਤ ਦੇ ਰਿਕਾਰਡ ਦਾ ਰਜਿਸਟਰ ਚੌਕੀਦਾਰਾਂ ਨੂੰ ਸੌਂਪਿਆ ਜਾਵੇ। ਉਨ੍ਹਾਂ ਕਿਹਾ ਕਿ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਉਹ ਸੰਘਰਸ਼ ਲਈ ਮਜਬੂਰ ਹੋਣਗੇ।