ਪੱਤਰ ਪ੍ਰੇਰਕ
ਰਾਜਪੁਰਾ, 21 ਮਾਰਚ
ਇੱਥੋਂ ਦੀ ਨਿਊ ਗ੍ਰੇਨ ਮਾਰਕੀਟ ਐੱਨਜੀਐੱਮ ਵੈੱਲਫੇਅਰ ਸੁਸਾਇਟੀ ਦੀ ਅੱਜ ਹੋਈ ਚੋਣ ਵਿੱਚ ਆੜ੍ਹਤੀ ਰੁਪਿੰਦਰ ਸਿੰਘ ਰੂਬੀ ਆਪਣੇ ਨੇੜਲੇ ਵਿਰੋਧੀ ਦਵਿੰਦਰ ਸਿੰਘ ਨੂੰ 4 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤ ਗਏ। ਜ਼ਿਕਰਯੋਗ ਹੈ ਕਿ ਨਿਊ ਗ੍ਰੇਨ ਮਾਰਕੀਟ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦੀ ਆੜ੍ਹਤੀਆਂ ਵੱਲੋਂ ਲਗਾਤਾਰ ਚੋਣ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ, ਪਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਵੱਲੋਂ ਤਰਕ ਦਿੱਤਾ ਗਿਆ ਕਿ ਚਾਰ ਸਾਲ ਪਹਿਲਾਂ ਐਸੋਸੀਏਸ਼ਨ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਉਨ੍ਹਾਂ ਦੀ ਪ੍ਰਧਾਨਗੀ ਦਾ ਕਾਰਜਕਾਲ 2023 ਤੱਕ ਹੈ। ਇਸ ਕਰਕੇ ਲਾਡਾ ਨੇ ਪ੍ਰਧਾਨਗੀ ਦੀ ਚੋਣ ਕਰਵਾਉਣ ’ਤੇ ਅਦਾਲਤ ਤੋਂ ਸਟੇਅ ਪ੍ਰਾਪਤ ਕਰ ਲਈ, ਜਿਸ ’ਤੇ ਅਨਾਜ ਮੰਡੀ ਦੇ ਆੜ੍ਹਤੀਆਂ ਵੱਲੋਂ ਐੱਨਜੀਐੱਮ ਵੈੱਲਫੇਅਰ ਸੁਸਾਇਟੀ ਬਣਾ ਕੇ ਇਸ ਦੇ ਪ੍ਰਧਾਨ ਦੀ ਚੋਣ ਅੱਜ ਕਰਵਾਈ ਗਈ। ਚੋਣ ਅਧਿਕਾਰੀ ਰਾਜਿੰਦਰ ਕੁਮਾਰ ਅਤੇ ਸਹਾਇਕ ਚੋਣ ਅਧਿਕਾਰੀ ਰਾਜੀਵ ਕੁਮਾਰ ਨੇ ਦੱਸਿਆ ਕਿ ਕੁੱਲ 205 ਵੋਟਾਂ ਵਿੱਚੋਂ 203 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ ਰੁਪਿੰਦਰ ਸਿੰਘ ਰੂਬੀ ਨੂੰ 103 ਅਤੇ ਦਵਿੰਦਰ ਸਿੰਘ ਨੂੰ 99 ਵੋਟਾਂ ਮਿਲੀਆਂ ਅਤੇ ਇੱਕ ਵੋਟ ਰੱਦ ਹੋ ਗਈ।