ਪੱਤਰ ਪ੍ਰੇਰਕ
ਦੇਵੀਗੜ੍ਹ, 14 ਮਈ
ਹਲਕਾ ਸਨੌਰ ਦੇ ਲੋਕਾਂ ਨੂੰ ਹਲਕੇ ਵਿੱਚ ਹੀ ਸੁਵਿਧਾਵਾਂ ਦੇਣ ਲਈ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਅੱਜ ਹਲਕੇ ਦੇ ਪਿੰਡ ਬਿੰਜਲ ਵਿਖੇ ਇੱਕ ਸੁਵਿਧਾ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਬਿੰਜਲ ਦੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸਰਕਾਰੀ ਕੰਮ ਕਰਵਾਉਣ ਲਈ ਆਪਣੇ ਪਿੰਡ ਦੇ ਨੇੜੇ ਹੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਤਹਿਸੀਲਦਾਰ ਦੁੱਧਨਸਾਧਾਂ ਮਨਦੀਪ ਕੌਰ ਵੀ ਮੌਜੂਦ ਸਨ। ਇਸ ਸੁਵਿਧਾ ਕੈਂਪ ਵਿੱਚ ਤਹਿਸੀਲ, ਬੀਡੀਪੀਓ, ਸਿਹਤ ਸਹੂਲਤ, ਪੁਲੀਸ ਸਹਾਇਤਾ, ਬਿਜਲੀ ਬੋਰਡ, ਨਰੇਗਾ, ਡਰੇਨ ਵਿਭਾਗ, ਟਰਾਂਸਪੋਰਟ ਅਤੇ ਕਈ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ਜੋ ਕਿ ਪਿੰਡਾਂ ਤੋਂ ਆਏ ਹੋਏ ਲੋਕਾਂ ਨੂੰ ਆਪਣੇ ਆਪਣੇ ਕੰਮ ਕਰਵਾਉਣ ਵਿੱਚ ਸਹਾਇਤਾ ਕਰ ਰਹੇ ਸਨ। ਇਸ ਮੌਕੇ ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਉਹ ਤਹਿਸੀਲ ਪੱਧਰ ਦੇ ਜੋ ਅਧਿਕਾਰੀਆਂ ਦੇ ਦਫਤਰ ਪਟਿਆਲੇ ਚੱਲ ਰਹੇ ਹਨ ਉਨ੍ਹਾਂ ਨੂੰ ਵੀ ਜਲਦ ਦੇਵੀਗੜ੍ਹ ਤੇ ਦੁੂਧਨਸਾਧਾਂ ਲਿਆਉਣ ਦੇ ਯਤਨ ਕਰ ਰਹੇ ਹਨ ਤਾਂ ਕਿ ਇਸ ਤਹਿਸੀਲ ਦੇ ਦਫਤਰ ਇਥੇ ਮੁਕੰਮਲ ਹੋ ਸਕਣ। ਉਨ੍ਹਾਂ ਕਿਹਾ ਕਿ ਬੱਸ ਅੱਡਾ ਦੇਵੀਗੜ੍ਹ ਵਾਸਤੇ 75 ਲੱਖ ਰੁਪਏ ਮਨਜ਼ੂਰ ਹੋ ਗਏ ਹਨ ਅਤੇ ਜਲਦੀ ਹੀ ਇਸ ਬੱਸ ਅੱਡੇ ਦੀ ਉਸਾਰੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਐਸਡੀਐਮ ਦਫਤਰ ਦੁੂਧਨਸਾਧਾਂ ਨੂੰ ਨਹਿਰੀ ਰੈਸਟ ਹਾਊਸ ਦੇਵੀਗੜ੍ਹ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਡੀਐਸਪੀ ਦਿਹਾਤੀ ਵੀ ਤਿੰਨ ਦਿਨ ਦੇਵੀਗੜ੍ਹ ਬੈਠਿਆ ਕਰਨਗੇ। ਅੱਜ ਦੇ ਇਸ ਸੁਵਿਧਾ ਕੈਂਪ ਵਿੱਚ ਕਾਫੀ ਲੋਕਾਂ ਨੇ ਕੰਮ ਕਰਵਾਏ। ਇਸ ਮੌਕੇ ਤਹਿਸੀਲਦਾਰ ਮਨਦੀਪ ਕੌਰ, ਜਤਿੰਦਰ ਸਿੰਘ ਢਿੱਲੋਂ ਬੀਡੀਪੀਓ ਭੁਨਰਹੇੜੀ, ਗੁਰਦੀਪ ਸਿੰਘ ਸੰਧੂ ਥਾਣਾ ਮੁਖੀ ਜੁਲਕਾਂ, ਡਾ. ਪ੍ਰਸ਼ਾਂਤ ਗੌਤਮ ਐਸ.ਐਮ.ਓ., ਗੁਰਵਿੰਦਰ ਸਿੰਘ ਬੀ.ਈ.ਈ., ਅਮਰਜੀਤ ਸਿੰਘ ਏਪੀਓ ਨਰੇਗਾ, ਡਾ. ਗੁਰਮੀਤ ਬਿੱਟੂ ਉਪ ਚੇਅਰਮੈਨ, ਮਨਿੰਦਰ ਫਰਾਂਸਵਾਲਾ ਆਦਿ ਮੌਜੂਦ ਸਨ।