ਖੇਤਰੀ ਪ੍ਰਤੀਨਿਧ
ਪਟਿਆਲਾ, 23 ਜਨਵਰੀ
ਸਦਰ ਪੁਲੀਸ ਨੇ ਇਨੋਵਾ ਗੱਡੀ ਵਿੱਚੋਂ 11.23 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਡੀਐੱਸਪੀ (ਰੂਰਲ) ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਬਰਾਮਦਗੀ ਪਟਿਆਲਾ ਦੀ ਗੁਰਬਖਸ਼ ਕਲੋਨੀ ਦੇ ਵਸਨੀਕ ਗਜਿੰਦਰ ਸਿੰਘ ਜੋਗੀ ਪੁੱਤਰ ਸੋਮਨਾਥ ਕੋਲੋਂ ਹੋਈ ਹੈ। ਉਹ ਜਦੋਂ ਇਲਾਹਾਬਾਦ ਤੋਂ ਪਟਿਆਲਾ ਆ ਰਿਹਾ ਸੀ ਤਾਂ ਇੰਸਪੈਕਟਰ ਮਨਪ੍ਰੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਸ਼ੱਕ ਦੇ ਆਧਾਰ ’ਤੇ ਇਨੋਵਾ ਗੱਡੀ ਦੀ ਤਲਾਸ਼ੀ ਲਈ। ਇਸ ਦੌਰਾਨ ਇਹ ਨਕਦੀ ਬਰਾਮਦ ਹੋਈ ਜਿਸ ਮਗਰੋਂ ਪੁਲੀਸ ਨੇ ਇਨਕਮ ਟੈਕਸ ਅਧਿਕਾਰੀਆਂ ਨੂੰ ਬੁਲਾਇਆ ਅਤੇ ਇਹ ਨਕਦੀ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਜਦਕਿ ਰਾਜਿੰਦਰ ਸਿੰਘ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਨਕਮ ਟੈਕਸ ਵਿਭਾਗ ਨੇ ਇਹ ਨਕਦੀ ਸੀਲ ਕਰਕੇ ਇਸ ਸਬੰਧੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਲਾਹੌਰੀ ਗੇਟ ਦੀ ਪੁਲੀਸ ਨੇ ਸਥਾਨਕ ਸ਼ਹਿਰ ’ਚ ਵੱਖ ਵੱਖ ਥਾਵਾਂ ’ਤੇ ਛਾਪੇ ਮਾਰ ਕੇ ਸ਼ਰਾਬ ਦੀਆਂ 27 ਸੌ ਤੋਂ ਵੱਧ ਪੇਟੀਆਂ ਵੀ ਬਰਾਮਦ ਕੀਤੀਆਂ ਸਨ| ਐੱਸਐੱਸਪੀ ਡਾ. ਸੰਦੀਪ ਗਰਗ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਪੁਲੀਸ ਵਲੋਂ ਹਰ ਪੱਖ ਤੋਂ ਨਿਗ੍ਹਾ ਰੱਖੀ ਜਾ ਰਹੀ ਹੈ |