ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 10 ਜੁਲਾਈ
ਸਥਾਨਕ ਰੋਟਰੀ ਭਵਨ ਵਿੱਚ ਲੋਕ ਸਹਿਤ ਸੰਗਮ ਦੀ ਮਾਸਿਕ ਇਕੱਤਰਤਾ ਭੁਪਿੰਦਰ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਈ। ਸਭਾ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੀ ਕਵਿਤਾ ‘ਤਖ਼ਤਪੋਸ਼’ ਨਾਲ ਹੋਇਆ। ਇਸ ਤੋਂ ਬਾਅਦ ਨੌਜਵਾਨ ਕਵੀ ਅਕਸ਼ੈ ਕੁਮਾਰ ਨੇ ਪਿਤਾ ਦੀ ਅਹਿਮੀਅਤ ਨੂੰ ਮੁੱਖ ਰੱਖਦਿਆਂ ਕਵਿਤਾ ‘ਜਿਸ ਕੀ ਜਗ੍ਹਾ ਭਗਵਾਨ ਨਹੀਂ ਲੈ ਸਕਤਾ, ਵੋ ਪਿਤਾ ਕਹਿਲਾਤਾ ਹੈ’ ਪੇਸ਼ ਕਰ ਕੇ ਸਭ ਨੂੰ ਭਾਵੁਕ ਕਰ ਦਿੱਤਾ। ਕੁਲਵੰਤ ਸਿੰਘ ਜੱਸਲ ਨੇ ‘ਨਾ ਰੋਲ਼ ਪੰਜਾਬਣੇ ਨੀ ਆਪਣੇ ਵਿਰਸੇ ਦੀ ਸਰਦਾਰੀ’ ਕਵਿਤਾ ਸੁਣਾਈ। ਅਵਤਾਰ ਪੁਆਰ ਦੀ ਗ਼ਜ਼ਲ ‘ਮੌਸਮ ਖ਼ੁਸ਼ਗਵਾਰ ਹੋਇਆ ਬਰਸਾਤ ਪਿੱਛੋਂ’ ਪੇਸ਼ ਕੀਤੀ। ਇਸ ਤੋਂ ਇਲਾਵਾ ਰਣਜੀਤ ਸਿੰਘ, ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਰਚਨਾਵਾਂ ਪੇਸ਼ ਕੀਤੀਆਂ।
ਪ੍ਰੋ. ਭੁਪਿੰਦਰ ਸ਼ਾਹੀ ਨੇ ‘ਤੇਰੇ ਦਰ ’ਤੇ ਹੁਣ ਬਾਜ਼ਾਂ ਵਾਲ਼ੇ ਦਾ ਪਹਿਰਾ ਹੈ’ ਕਵਿਤਾ ਸੁਣਾ ਕੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ। ਦਿਲਜੀਤ ਸਿੰਘ ਸ਼ਾਂਤ ਨੇ ਤਰੰਨਮ ਦਾ ਗੀਤ, ਸੁਰਿੰਦਰ ਕੌਰ ਬਾੜਾ ਦਾ ਗੀਤ ‘ਉੱਠ ਗਏ ਗੁਆਂਢੀ ਯਾਰ ਰੱਬਾ ਹੁਣ ਕੀ ਕਰੀਏ’ ਸਭ ਦੇ ਦਿਲਾਂ ਨੂੰ ਛੂ ਗਿਆ। ਅਖ਼ੀਰ ਵਿਚ ਬਲਦੇਵ ਸਿੰਘ ਖੁਰਾਣਾ ਨੇ ਆਪਣੇ ਚੁਲਬੁਲੇ ਸ਼ੇਅਰਾਂ ਨਾਲ ਸਭ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ।