ਪਾਤੜਾਂ: ਕਰੋਨਾ ਨਾਲ ਪਹਿਲੀ ਕਤਾਰ ਵਿੱਚ ਖੜ੍ਹ ਕੇ ਲੜਨ ਵਾਲੇ ਕਰੋਨਾ ਯੋਧਿਆਂ (ਡਾਕਟਰਾਂ) ਲਈ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਪਾਤੜਾਂ ਵੱਲੋਂ ਮੁੱਢਲਾ ਸਿਹਤ ਕੇਂਦਰ ਪਾਤੜਾਂ ਦੇ ਐੱਸਐੱਮਓ ਡਾ. ਰਾਜੇਸ਼ ਕੁਮਾਰ ਨੂੰ ਪੀਪੀਈ ਕਿੱਟਾਂ ਅਤੇ ਮਾਸਕ ਸੌਪੇ ਗਏ। ਰੋਟਰੀ ਕਲੱਬ ਦੇ ਪ੍ਰਧਾਨ ਪ੍ਰਸ਼ੋਤਮ ਸਿੰਗਲਾ ਅਤੇ ਖਜ਼ਾਨਚੀ ਆਸ਼ੀਸ਼ ਗਰਗ ਨੇ ਦੱਸਿਆ ਕਿ ਕਰੋਨਾ ਜਿਹੀ ਭਿਆਨਕ ਬੀਮਾਰੀ ਦੇ ਚੱਲਦਿਆਂ ਸਾਡੇ ਡਾਕਟਰ ਅਤੇ ਪੈਰਾ-ਮੈਡੀਕਲ ਸਟਾਫ਼ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੋਕਾਂ ਦਾ ਇਲਾਜ ਦਿਨ-ਰਾਤ ਕਰਕੇ ਕਰ ਰਹੇ ਹਨ, ਜਿਨ੍ਹਾਂ ਦੀ ਸੁਰੱਖਿਆ ਲਈ ਸੰਸਥਾ ਵੱਲੋਂ 20 ਪੀਪੀਈ ਕਿੱਟਾਂ ਅਤੇ ਸੈਂਕੜੇ ਮਾਸਕ ਸੀਨੀਅਰ ਮੈਡੀਕਲ ਅਫ਼ਸਰ ਪਾਤੜਾਂ ਨੂੰ ਸੌਂਪੇ ਹਨ। ਇਸ ਮੌਕੇ ਸਰਕਾਰੀ ਹਸਪਤਾਲ ਦੇ ਸਟਾਫ਼ ਅਤੇ ਰੋਟਰੀ ਕਲੱਬ ਪਾਤੜਾਂ ਦੇ ਅਹੁਦੇਦਾਰ ਮੌਜੂਦ ਸਨ। -ਪੱਤਰ ਪ੍ਰੇਰਕ
ਪਟਿਆਲਾ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਪਰਮਿੰਦਰ ਕੌਰ ਵੱਲੋਂ ਯਾਦਵਿੰਦਰਾ ਪੂਰਨ ਬਾਲ ਨਿਕੇਤਨ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਸਮਾਜ ਸੇਵੀ ਸੰਸਥਾ ਜਨ ਹਿੱਤ ਸਮਿਤੀ ਦੇ ਸਹਿਯੋਗ ਨਾਲ ਆਸ਼ਰਮ ਵਿੱਚ ਪੈਰਾਂ ਨਾਲ ਚੱਲਣ ਵਾਲੀ ਹੱਥ ਧੋਣ ਦੀ ਮਸ਼ੀਨ ਲਗਵਾਈ। ਬੱਚਿਆਂ ਨੂੰ ਜੇਲ੍ਹਾਂ ਵਿੱਚ ਕੈਦੀਆਂ ਵੱਲੋਂ ਬਣਾਏ ਗਏ ਮਾਸਕ ਵੰਡੇ ਅਤੇ ਕਰੋਨਾਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਸਬੰਧੀ ਵੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ ਮੌਜੂਦ ਸਨ। -ਖੇਤਰੀ ਪ੍ਰਤੀਨਿਧ
ਘੱਗਾ: ਨਗਰ ਪੰਚਾਇਤ ਘੱਗਾ ਵਲੋਂ ਲੋਹਾਰਾਂ ਦੀ ਬਸਤੀ ਵਿਚ ਮਾਸਕ ਵੰਡੇ ਗਏ। ਨਗਰ ਪੰਚਾਇਤ ਘੱਗਾ ਦੀ ਪ੍ਰਧਾਨ ਜਸਬੀਰ ਕੌਰ ਖੰਗੂੜਾ ਨੇ ਦੱਸਿਆ ਕਿ ਸਰਕਾਰ ਵਲੋਂ ਨਗਰ ਪੰਚਾਇਤ ਘੱਗਾ ਕੋਲ ਆਏ 500 ਦੇ ਕਰੀਬ ਮਾਸਕ ਵੰਡ ਦਿੱਤੇ ਗਏ ਹਨ। ਬੀਬੀ ਖੰਗੂੜਾ ਨੇ ਦੱਸਿਆ ਕਿ ਗ਼ਰੀਬ ਬਸਤੀਆਂ ਵਿਚ ਰਹਿਣ ਵਾਲੇ ਲੋਕ ਆਪਣੇ ਰੁਜ਼ਗਾਰ ਲਈ ਬਾਹਰ ਜਾਂਦੇ ਹਨ ਤੇ ਕਰੋਨਾਵਾਇਰਸ ਦੀ ਲਾਗ ਰੋਕਣ ਲਈ ਮਾਸਕ ਪਾਉਣੇ ਜ਼ਰੂਰੀ ਕੀਤੇ ਗਏ ਹਨ। -ਪੱਤਰ ਪ੍ਰੇਰਕ