ਰੋਸ ਮਾਰਚ ਰੋਕਿਆ ਪਰ ਖੇੜੀ ਕਲਾਂ ਪੰਚਾਇਤੀ ਜ਼ਮੀਨ ਦਾ ਮਾਮਲਾ ਸੁਲਝਿਆ

ਰੋਸ ਮਾਰਚ ਰੋਕਿਆ ਪਰ ਖੇੜੀ ਕਲਾਂ ਪੰਚਾਇਤੀ ਜ਼ਮੀਨ ਦਾ ਮਾਮਲਾ ਸੁਲਝਿਆ

ਸ਼ੇਰਪੁਰ-ਬਰਨਾਲਾ ਸੜਕ ’ਤੇ ਜ਼ੈੱਡਪੀਐੱਸਸੀ ਵੱਲੋਂ ਕੀਤੀ ਰੈਲੀ ਦਾ ਦ੍ਰਿਸ਼।

ਸ਼ੇਰਪੁਰ (ਬੀਰਬਲ ਰਿਸ਼ੀ): ਪਿੰਡ ਖੇੜੀ ਕਲਾਂ ’ਚ ਰਾਖਵੇਂ ਕੋਟੇ ਦੀ ਤਕਰੀਬਨ 43 ਵਿੱਘੇ ਪੰਚਾਇਤੀ ਜ਼ਮੀਨ ਦਾ ਪਿਛਲੇ ਪੰਜ ਦਿਨਾਂ ਤੋਂ ਚੱਲ ਰਹੇ ਰੇੜਕੇ ਦੇ ਮੱਦੇਨਜ਼ਰ ਅੱਜ ਦਲਿਤ ਪਰਿਵਾਰਾਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਖੇੜੀ ਕਲਾਂ ਤੋਂ ਸ਼ੇਰਪੁਰ ਤੱਕ ਕੀਤੇ ਜਾ ਰਹੇ ਰੋਸ ਮਾਰਚ ਨੂੰ ਪੁਲੀਸ ਨੇ ਸ਼ੇਰਪੁਰ ’ਚ ਵੜਨ ਤੋਂ ਪਹਿਲਾਂ ਹੀ ‘ਚਹਿਲ ਢਾਬੇ’ ਨੇੜੇ ਰੋਕ ਲਿਆ। ਅੱਜ ਸਵੇਰ ਸਮੇਂ ਖੇੜੀ ਕਲਾਂ ਤੋਂ ਰੈਲੀ ਕਰ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਖੇੜੀ, ਜਸਵੰਤ ਸਿੰਘ ਖੇੜੀ ਅਤੇ ਐਡਵੋਕੇਟ ਜਸਵੀਰ ਸਿੰਘ ਦੀ ਸਾਂਝੀ ਅਗਵਾਈ ਹੇਠ ਸ਼ੇਰਪੁਰ ਵੱਲ ਚੱਲੇ ਦਲਿਤ ਪਰਿਵਾਰਾਂ ਦੇ ਰੋਸ ਮਾਰਚ ਨੂੰ ਪੁਲੀਸ ਨੇ ਰਾਹ ਵਿੱਚ ਰੋਕ ਲਿਆ। ਨਾਇਬ ਤਹਿਸ਼ੀਲਦਾਰ ਸਤਗੁਰ ਸਿੰਘ ਅਤੇ ਬੀਡੀਪੀਓ ਤਰਸੇਮ ਸਿੰਘ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕੀਤੀ ਪਰ ਕੋਈ ਸਿੱਟਾ ਨਾ ਨਿੱਕਲਿਆ। ਬਾਅਦ ਦੁਪਹਿਰ ਚਾਰ ਵਜੇ ਡੀਡੀਪੀਓ ਸੰਗਰੂਰ ਨਿਰਪਿੰਦਰ ਸਿੰਘ ਗਰੇਵਾਲ ਨੇ ਦੋਵੇਂ ਧਿਰਾਂ ਨਾਲ ਮੀਟਿੰਗ ਕਰਕੇ ਰਾਜ਼ੀਨਾਮਾ ਕਰਵਾ ਕੇ ਮਸਲੇ ਨੂੰ ਹੱਲ ਕਰ ਦਿੱਤਾ ਅਤੇ ਹੁਣ ਦੋਵੇਂ ਧਿਰਾਂ ਵੱਲੋਂ ਉਨ੍ਹਾਂ ਜ਼ਮੀਨ ਲੈਣ ਵਾਲੇ ਲੋਕਾਂ ਦੀ ਲਿਸਟ ਹੀ ਭੇਜੀ ਜਾਵੇਗੀ ਜਿੰਨ੍ਹਾਂ ਕੋਲ ਆਪਣੇ ਡੰਗਰ ਪਸ਼ੂ ਹਨ ਅਤੇ ਹਰੇ ਚਾਰੇ ਦੀ ਲੋੜ ਰਹਿੰਦੀ ਹੈ। ਵਿਭਾਗ ਵੱਲੋਂ ਹਾਲੇ ਬੋਲੀ ਦੀ ਤਾਰੀਖ ਨਿਰਧਾਰਤ ਨਹੀਂ ਕੀਤੀ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All