ਟ੍ਰਿਬਿਊਨ ਨਿਊਜ਼ ਸਰਵਿਸ
ਪਟਿਆਲਾ, 12 ਜੁਲਾਈ
ਜ਼ਿਲ੍ਹੇ ਵਿੱਚ ਸਮਾਣਾ, ਰਾਜਪੁਰਾ ਤੇ ਦੇਵੀਗੜ੍ਹ ਦੇ ਖੇਤਰਾਂ ਵਿੱਚ ਵਾਪਰੇ ਸੜਕ ਹਾਦਸਿਆਂ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ।
ਸਮਾਣਾ (ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ): ਸਮਾਣਾ-ਪਟਿਆਲਾ ਰੋਡ ’ਤੇ ਸੋਮਵਾਰ ਦੇਰ ਰਾਤ ਪਿੰਡ ਚੌਂਹਠ ਨੇੜੇ ਵਾਪਰੇ ਸੜਕ ਹਾਦਸੇ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ 3 ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਕਰਮ ਘੁੰਮਣ (20) ਉਰਫ਼ ਵਿੱਕੀ ਆਪਣੇ ਦੋਸਤ ਹਰਜੋਤ ਸਿੰਘ (24) ਅਤੇ ਲਿਆਕਤ ਸਿੰਘ ਉਰਫ਼ ਲੱਕੀ ਨਾਲ ਕਿਸੇ ਘਰੇਲੂ ਕੰਮ ਲਈ ਚੰਡੀਗੜ੍ਹ ਗਏ ਸਨ। ਚੰਡੀਗੜ੍ਹ ਤੋਂ ਸਮਾਣਾ ਪਰਤਦਿਆਂ ਪਿੰਡ ਚੌਂਹਠ ਨੇੜੇ ਉਨ੍ਹਾਂ ਦੀ ਗੱਡੀ ਨੂੰ ਸਮਾਣਾ ਵੱਲ ਤੋਂ ਆ ਰਹੀ ਥਾਰ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਦੋਵੇਂ ਗੱਡੀਆਂ ਵਿੱਚ ਸਵਾਰ ਪੰਜੇ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ ਜਿੱਥੇ ਕਾਰ ਚਾਲਕ ਵਿਕਰਮ ਘੁੰਮਣ ਅਤੇ ਉਸ ਦੇ ਸਾਥੀ ਹਰਜੋਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਲਿਆਕਤ ਸਿੰਘ ਉਰਫ਼ ਲੱਕੀ ਅਤੇ ਥਾਰ ਗੱਡੀ ਵਿੱਚ ਸਵਾਰ ਗੁਰਜੋਤ ਸਿੰਘ ਅਤੇ ਗੁਰਮਨ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਮਾਣਾ ਪੁਲੀਸ ਨੇ ਕਾਰ ਸਵਾਰ ਲਿਆਕਤ ਸਿੰਘ ਲੱਕੀ ਦੇ ਬਿਆਨਾਂ ਦੇ ਆਧਾਰ ’ਤੇ ਥਾਰ ਗੱਡੀ ਦੇ ਚਾਲਕ ਗੁਰਜੋਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਰਾਜਪੁਰਾ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਵਾਪਰੇ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਪੈਦਲ ਜਾ ਰਹੇ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਿਟੀ ਪੁਲੀਸ ਨੇ ਦੱਸਿਆ ਕਿ ਵਰਸ਼ਾ ਪਤਨੀ ਦਲੀਪ ਸਿੰਘ ਵਾਸੀ ਅਜੀਤਪੁਰ ਪੱਲੜੀ ਹਕੀਕਤਪੁਰ ਜ਼ਿਲ੍ਹਾ ਬਜਨੌਰ (ਉਤਰ ਪ੍ਰਦੇਸ਼) ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਪਤੀ ਦਲੀਪ ਸਿੰਘ ਵਾਸੀ ਗੁਰੂ ਤੇਗ ਬਹਾਦਰ ਕਲੌਨੀ ਰਾਜਪੁਰਾ ਜੋ ਰਾਜਪੁਰਾ-ਚੰਡੀਗੜ੍ਹ ਰੋਡ ’ਤੇ ਪਿੰਡ ਸ਼ਾਮਦੂ ਵਾਲੇ ਕੱਟ ਕੋਲ ਪੈਦਲ ਜਾ ਰਿਹਾ ਸੀ ਕਿ ਉਸ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਦਲੀਪ ਸਿੰਘ ਦੀ ਮੌਤ ਹੋ ਗਈ। ਇਸੇ ਦੌਰਾਨ ਮੁੰਨਾ ਸਿੰਘ ਵਾਸੀ ਪਿੰਡ ਵੈਦਨਾਥਪੁਰ (ਬਿਹਾਰ) ਹਾਲ ਵਾਸੀ ਪਿੰਡ ਰਾਜਗੜ੍ਹ ਤਹਿਸੀਲ ਰਾਜਪੁਰਾ ਨੇ ਸ਼ੰਭੂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਸਾਲੀ ਦਾ ਲੜਕਾ ਬਿਰੰਜਨ ਕੁਮਾਰ ਵਾਸੀ ਬਿਹਾਰ ਬਾਬਾ ਬੰਦਾ ਸਿੰਘ ਬਹਾਦਰ ਮਾਰਗ ’ਤੇ ਪਿੰਡ ਰਾਜਗੜ੍ਹ ਨੇੜੇ ਪੈਦਲ ਜਾ ਰਿਹਾ ਸੀ। ਇਸੇ ਦੌਰਾਨ ਉਸ ਨੂੰ ਮਹਿੰਦਰਾ ਪਿਕਅੱਪ ਗੱਡੀ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਬਿਰੰਜਨ ਕੁਮਾਰ ਦੀ ਮੌਤ ਹੋ ਗਈ। ਉਪਰੋਕਤ ਦੋਵੇਂ ਮਾਮਲਿਆਂ ਵਿੱਚ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੇਵੀਗੜ੍ਹ (ਪੱਤਰ ਪ੍ਰੇਰਕ): ਥਾਣਾ ਸਦਰ ਅਧੀਨ ਪੁਲੀਸ ਚੌਕੀ ਭੁਨਰਹੇੜੀ ਨੇੜੇ ਅੱਜ ਸਵੇਰੇ ਸਿੰਗਲਾ ਪੈਟਰੋਲ ਪੰਪ ਦੇ ਨੇੜੇ ਇੱਕ ਖੜ੍ਹੇ ਟਰੱਕ ਵਿੱਚ ਸਬਜ਼ੀ ਵਾਲਾ ਟੈਂਪੂ ਪਿੱਛੋਂ ਵੱਜਣ ਕਾਰਨ ਟੈਂਪੂ ਸਵਾਰ ਤਰਸੇਮ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੁਥਮੜਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਇਸ ਸਬੰਧੀ ਪੁਲੀਸ ਚੌਕੀ ਭੁਨਰਹੇੜੀ ਦੇ ਇੰਚਾਰਜ ਸੁਖਚੈਨ ਸਿੰਘ ਵਿਰਕ ਨੇ ਦੱਸਿਆ ਕਿ ਇਹ ਟੈਂਪੂ (ਨੰਬਰ ਪੀਬੀ-11 ਏ ਯੂ-7784) ਸਵੇਰੇ ਸਬਜ਼ੀ ਤੇ ਫਲ ਲੈਣ ਲਈ ਸਬਜ਼ੀ ਮੰਡੀ ਪਟਿਆਲਾ ਜਾ ਰਿਹਾ ਸੀ ਕਿ ਪਿੰਡ ਪੰਜੇਟਾ ਦੇ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਖੜ੍ਹੇ ਟਰੱਕ ਵਿੱਚ ਜਾ ਵੱਜਿਆ। ਇਸ ਕਾਰਨ ਟੈਂਪੂ ਦੇ ਪਿਛਲੇ ਹਿੱਸੇ ਵਿੱਚ ਪਏ ਵਿਅਕਤੀ ਤਰਸੇਮ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਵਿਜੈ ਕੁਮਾਰ ਤੇ ਗੁਰਜੰਟ ਸਿੰਘ ਜੋ ਦੋਵੇਂ ਭਰਾ ਹਨ, ਉਹ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਪੁਲੀਸ ਨੇ ਅਣਪਛਾਤੇ ਟਰੱਕ ਦੇ ਡਰਾਈਵਰ ਵਿਰੁਧ ਵਿਜੈ ਕੁਮਾਰ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।