ਬਹਾਦਰ ਸਿੰਘ ਮਰਦਾਂਪੁਰ
ਘਨੌਰ, 13 ਜੁਲਾਈ
ਹਲਕਾ ਘਨੌਰ ਵਿੱਚ ਹੜ੍ਹ ਰੋਕੂ ਪ੍ਰਬੰਧਾਂ ਲਈ ਡਰੇਨਜ਼ ਵਿਭਾਗ ਨੂੰ ਫੰਡਾਂ ਦੀ ਘਾਟ ਰੜਕ ਰਹੀ ਹੈ। ਇਸ ਖੇਤਰ ਵਿੱਚੋਂ ਲੰਘਦੇ ਘੱਗਰ ਦਰਿਆ, ਪੰਝੀਦਰਾ ਗੰਦਾ ਨਾਲਾ, ਭਾਗਨਾ ਅਤੇ ਝਾੜਵਾਂ ਡਰੇਨਾਂ ਸਮੇਤ ਹੋਰਨਾਂ ਨਦੀ ਨਾਲਿਆਂ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਹੜ੍ਹਾਂ ਦਾ ਸਹਿਮ ਪਾਇਆ ਜਾ ਰਿਹਾ ਹੈ। ਇਸ ਖੇਤਰ ਵਿੱਚ ਕੁਝ ਥਾਵਾਂ ਨੂੰ ਛੱਡ ਕੇ ਹੋਰ ਕਿਧਰੇ ਵੀ ਹੜ੍ਹ ਰੋਕੂ ਪ੍ਰਬੰਧ ਨਜ਼ਰ ਨਹੀਂ ਆ ਰਹੇ। ਖੇਤਰ ਵਿੱਚ ਹੜ੍ਹਾਂ ਦੇ ਮੁੱਖ ਕਾਰਨ ਬਣਦੇ ਘੱਗਰ ਦਰਿਆ ਤੇ ਪੰਝੀਦਰਾ ਵਾਲੇ ਗੰਦਾ ਨਾਲੇ ਦੇ ਨਰਵਾਣਾ ਬ੍ਰਾਂਚ ਵਾਲੇ ਸਾਈਫਨਾਂ ਦੀ ਸਫਾਈ ਨਹੀਂ ਹੋ ਸਕੀ ਜਦੋਂ ਕਿ ਘੱਗਰ ਕਿਨਾਰੇ ਵਸੇ ਪਿੰਡ ਨਨਹੇੜੀ, ਊਂਟਸਰ ਸਮੇਤ ਹੋਰਨਾਂ ਪਿੰਡਾਂ ਨੂੰ ਘੱਗਰ ਦੀ ਮਾਰ ਤੋਂ ਬਚਾਉਣ ਲਈ ਲਗਾਏ ਸਟੱਡ ਵੀ ਮੁਰੰਮਤ ਖੁਣੋਂ ਢੇਰੀ ਹੋ ਰਹੇ ਹਨ।
ਇਸ ਤੋਂ ਇਲਾਵਾ ਘੱਗਰ ਦਰਿਆ ਵਿੱਚ ਪਾੜਾਂ ਦੀ ਰੋਕਥਾਮ ਲਈ ਰੱਖੇ ਜਾਂਦੇ ਮਿੱਟੀ ਦੇ ਥੈਲੇ ਵੀ ਨਜ਼ਰ ਨਹੀਂ ਆ ਰਹੇ। ਡਰੇਨਜ਼ ਵਿਭਾਗ ਦੇ ਐਕਸੀਅਨ ਰਮਨ ਬੈਂਸ ਦਾ ਕਹਿਣਾ ਹੈ ਕਿ ਸਰਕਾਰ ਤੋਂ ਹੜ੍ਹ ਰੋਕੂ ਪ੍ਰਬੰਧਾਂ ਲਈ 50 ਲੱਖ ਰੁਪਏ ਫੰਡ ਮੰਗਿਆ ਹੈ। ਉਨ੍ਹਾਂ ਕਿਹਾ ਕਿ ਨਹਿਰੀ ਸਾਈਫਨਾਂ ਦੀ ਸਫ਼ਾਈ ਤੇ ਸਟੱਡਾਂ ਦੀ ਮੁਰੰਮਤ ਜਲਦੀ ਕਰਵਾ ਦਿੱਤੀ ਜਾਵੇਗੀ।