ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਅਪਰੈਲ
ਇਸ ਸਾਲ ਮੌਸਮ ਵਿਭਾਗ ਵੱਲੋਂ ਪਿਛਲੇ ਸਾਲ ਤੋਂ ਵੀ ਜ਼ਿਆਦਾ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ ਪਰ ਪੁੱਡਾ ਪ੍ਰਸ਼ਾਸਨ ਇਸ ਵਾਰੀ ਵੀ ਕੁੰਭਕਰਨੀ ਨੀਂਦ ਸੁੱਤਾ ਹੈ। ਪੁੱਡਾ ਅਧੀਨ ਆਉਂਦੇ ਅਰਬਨ ਅਸਟੇਟ ਵਿਚ ਤਬਾਹੀ ਦਾ ਕਾਰਨ ਬਣਿਆ ਮਸਲਾ ਅਜੇ ਤੱਕ ਨਹੀਂ ਸੁਲਝ ਸਕਿਆ ਹੈ। ਪੁੱਡਾ ਪ੍ਰਸ਼ਾਸਨ ਜੰਗਲਾਤ ਵਿਭਾਗ ’ਤੇ ਉਂਗਲ ਕਰ ਰਿਹਾ ਹੈ ਤੇ ਜੰਗਲਾਤ ਵਿਭਾਗ ਪੁੱਡਾ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ।
ਜਾਣਕਾਰੀ ਅਨੁਸਾਰ ਪਿਛਲੇ ਸਾਲ ਪਟਿਆਲਾ ਵਿਚ ਆਏ ਹੜ੍ਹਾਂ ਕਾਰਨ ਪੁੱਡਾ ਅਧੀਨ ਆਉਂਦੇ ਅਰਬਨ ਅਸਟੇਟ ਵਿੱਚ ਭਾਰੀ ਤਬਾਹੀ ਹੋਈ ਸੀ, ਜਿਸ ਕਾਰਨ ਇਸ ‘ਪੌਸ਼’ ਇਲਾਕੇ ਵਿਚ ਲੋਕਾਂ ਦੀਆਂ ਕੋਠੀਆਂ ਵਿਚ ਪਿਆ ਸਮਾਨ ਤਾਂ ਖ਼ਰਾਬ ਹੋਇਆ ਹੀ ਸੀ ਸਗੋਂ ਪਾਣੀ ਵਿਚ ਡੁੱਬੀਆਂ ਲੋਕਾਂ ਦੀਆਂ ਕਾਰਾਂ ਵੀ ਖ਼ਰਾਬ ਹੋ ਗਈਆਂ ਸਨ। ਇਸ ਤਬਾਹੀ ਦਾ ਕਾਰਨ ਇਹ ਸੀ ਕਿ ਨਵੇਂ ਬੱਸ ਅੱਡੇ ਤੋਂ ਨਦੀ ਤੱਕ ਅਰਬਨ ਅਸਟੇਟ ਵਾਲੇ ਪਾਸੇ ਦੇ ਲੋਕਾਂ ਨੇ ਸੜਕ ਵੱਲ ਰਾਹ ਕੱਢਣ ਲਈ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਪਾਣੀ ਦੇ ਰਾਹ ਬੰਦ ਹਨ। ਪਾਣੀ ਦੀ ਨਿਕਾਸੀ ਲਈ ਬਣਾਏ ਪੁਲ ਹੀ ਬੰਦ ਕੀਤੇ ਪਏ ਹਨ, ਜਿਸ ਕਰਕੇ ਪਾਣੀ ਅਰਬਨ ਅਸਟੇਟ ਵਿਚ ਹੀ ਰੁਕ ਗਿਆ। ਪੰਜਾਬੀ ਟ੍ਰਿਬਿਊਨ ਵੱਲੋਂ ਛਾਪੀਆਂ ਖ਼ਬਰਾਂ ਮਗਰੋਂ ਜੰਗਲਾਤ ਵਿਭਾਗ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ‘ਪਰਨਾਲਾ ਅਜੇ ਵੀ ਉੱਥੇ ਦਾ ਉੱਥੇ’ ਹੀ ਹੈ। ਇਸ ਵਾਰ ਜੇਕਰ ਹੜ੍ਹ ਆਉਂਦੇ ਹਨ ਤਾਂ ਅਰਬਨ ਅਸਟੇਟ ਵਿਚ ਤਬਾਹੀ ਨੂੰ ਨਹੀਂ ਰੋਕਿਆ ਜਾ ਸਕੇਗਾ। ਪੁੱਡਾ ਪ੍ਰਸ਼ਾਸਨ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਕਾਰਵਾਈ ਕਰੇ ਤਾਂ ਕਿ ਉਸ ਦਾ ਅਰਬਨ ਅਸਟੇਟ ਬਚ ਸਕੇ।
ਇਸ ਸਬੰਧੀ ਪੁੱਡਾ ਦੇ ਏਸੀਏ ਦੀਪਜੋਤ ਕੌਰ ਨੇ ਕਿਹਾ ਕਿ ਇਹ ਜੰਗਲਾਤ ਦਾ ਫ਼ਰਜ਼ ਹੈ ਪਰ ਉਹ ਨਾਜਾਇਜ਼ ਕਬਜ਼ਿਆਂ ਬਾਰੇ ਪੜਤਾਲ ਕਰਨਗੇ ਤੇ ਜੇਕਰ ਪਾਣੀ ਦੀ ਨਿਕਾਸੀ ਵਿਚ ਕੋਈ ਦਿੱਕਤ ਆ ਰਹੀ ਹੈ ਤਾਂ ਉਸ ਨੂੰ ਦੂਰ ਕੀਤਾ ਜਾਵੇਗਾ।
ਜੰਗਲਾਤ ਵਿਭਾਗ ਦੇ ਰੇਂਜ ਅਫ਼ਸਰ ਸਵਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਦੋ-ਦੋ ਨੋਟਿਸ ਜਾਰੀ ਕਰ ਦਿੱਤੇ ਹਨ ਜੇਕਰ ਹੁਣ ਵੀ ਉਹ ਨਾਜਾਇਜ਼ ਕਬਜ਼ੇ ਨਹੀਂ ਛੱਡਦੇ ਤਾਂ ਅਦਾਲਤ ਵਿੱਚ ਕੇਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁੱਡਾ ਨੂੰ ਡਰੇਨਜ਼ ਵਿਭਾਗ ਦੀ ਮਦਦ ਲੈਣੀ ਚਾਹੀਦੀ ਹੈ।