ਸ਼ਾਹਬਾਜ਼ ਸਿੰਘ
ਘੱਗਾ, 13 ਨਵੰਬਰ
ਹਲਕਾ ਸ਼ਤਰਾਣਾ ਦੇ ਪੀਐੱਲਪੀਸੀਐੱਲ ਸਬ ਅਰਬਨ ਸ਼ੁਤਰਾਣਾ ਤਹਿਤ ਬਾਦਸ਼ਾਹਪੁਰ ਤੋਂ ਬਕਰਾਹਾ ਨਵੀਂ ਪਾਈ ਜਾ ਰਹੀ ਲਾਈਨ ਵਿਚ ਬਿਜਲੀ ਮਹਿਕਮੇ ਵੱਲੋਂ ਵਰਤੀ ਜਾ ਰਹੀ ਵੱਡੀ ਲਾਪ੍ਰਵਾਹੀ ਉੱਤੇ ਪਿੰਡ ਜਲਾਲਪੁਰ ਅਤੇ ਪਿੰਡ ਕਾਠ ਦੇ ਲੋਕਾਂ ਵੱਲੋਂ ਸੜਕ ਸੁਰੱਖਿਆ ਦੇ ਮੱਦੇਨਜ਼ਰ ਇਤਰਾਜ਼ ਪ੍ਰਗਟਾਏ ਜਾ ਰਹੇ ਹਨ। ਉਥੇ ਹੀ ਬਿਜਲੀ ਅਧਿਕਾਰੀ ਲੋਕਾਂ ਦੀ ਇਸ ਗੱਲ ਨੂੰ ਵਿਸਾਰ ਕੇ ਲਾਈਨ ਪਾਉਣ ਦਾ ਕੰਮ ਕਰ ਰਹੇ ਹਨ। ਜਾਣਕਾਰੀ ਮੁਤਾਬਕ ਬਾਦਸ਼ਾਹਪੁਰ ਤੋਂ ਬਕਰਾਹਾ ਥੇਹ ਤੱਕ ਨਵੀਂ ਪਾਈ ਜਾ ਰਹੀ ਬਿਜਲੀ ਲਾਈਨ ਦੇ ਖੰਭੇ ਜਲਾਲਪੁਰ ਲਿੰਕ ਸੜਕ ਉੱਤੇ ਗੱਡ ਦਿੱਤੇ ਗਏ ਹਨ, ਜੋ ਕਿ ਸੜਕ ਉਤੇ ਲੰਘਦੇ ਲੋਕਾਂ ਲਈ ਦੇਰ ਸਵੇਰ ਜਾਨਲੇਵਾ ਸਾਬਤ ਹੋ ਸਕਦੇ ਹਨ। ਇਸੇ ਦੌਰਾਨ ਸੜਕ ਮਹਿਕਮੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਹਿਕਮੇ ਵੱਲੋਂ ਸਬੰਧਤ ਬਿਜਲੀ ਦਫਤਰ ਨੂੰ ਪੱਤਰ ਲਿਖਿਆ ਜਾ ਰਿਹਾ ਹੈ। ਇਸੇ ਦੌਰਾਨ ਬਿਜਲੀ ਮਹਿਕਮੇ ਦੇ ਜੇਈ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਖੰਭੇ ਸੜਕ ਦੀ ਬੁਰਜੀ ਦੇ ਮੁਤਾਬਕ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਇਤਰਾਜ਼ ਲੈ ਕੇ ਆਏ ਸੀ ਪਰ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਸ਼ੱਕ ਹੈ ਤਾਂ ਉਹ ਸੜਕ ਦੀ ਥਾਂ ਕਲੀਅਰ ਕਰਵਾ ਲੈਣ।