ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਜੁਲਾਈ
ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਆਗੂ ਪਰਗਟ ਸਿੰਘ ਕਾਲਾਝਾੜ ਦੀ ਅਗਵਾਈ ਹੇਠ ਡੀਸੀ ਦਫਤਰ ਅੱਗੇ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਿੰਡ ਤਰੌੜਾ ਕਲਾਂ ਵਿੱਚ ਪੰਚਾਇਤੀ ਜ਼ਮੀਨ ’ਚੋਂ ਤੀਜਾ ਹਿੱਸੇ ਜ਼ਮੀਨ ਨਹੀਂ ਦਿੱਤੀ ਗਈ ਜਦੋਂਕਿ ਸੰਵਿਧਾਨਕ ਤੌਰ ’ਤੇ ਪੰਚਾਇਤੀ ਜ਼ਮੀਨ ’ਚੋਂ ਤੀਜੇ ਹਿੱਸੇ ਦੀ ਥਾਂ ਰਾਖਵੀਂ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਲਗਾਤਾਰ ਮਜ਼ਦੂਰਾਂ ਨੂੰ ਜ਼ਮੀਨ ਦੇਣ ਤੋਂ ਆਨਾਕਾਨੀ ਕਰ ਰਿਹਾ ਹੈ। ਪਿੰਡ ਤਰੌੜਾ ਕਲਾਂ ਦੇ ਸਬੰਧ ਵਿੱਚ ਬੀਡੀਪੀਓ ਅਜੈਬ ਸਿੰਘ ਅਤੇ ਡੀਡੀਪੀਓ ਸੁਖਚੈਨ ਸਿੰਘ ਪਾਪੜਾ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪਰ ਇਸ ਮਾਮਲੇ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ। ਸ੍ਰੀ ਕਾਲਾਝਾੜ ਨੇ ਕਿਹਾ ਕਿ ਪਿੰਡ ਖੇੜੀ ਭੀਮਾਂ, ਕੁਲਬੁਰਛਾਂ, ਸਦਰਪੁਰਾ ਆਦਿ ਵਿੱਚ ਨਾ ਹੀ ਤੀਜੇ ਹਿੱਸੇ ਦੀ ਬਣਦੀ ਜ਼ਮੀਨ ਦਿੱਤੀ ਗਈ ਹੈ ਅਤੇ ਜਿਹੜੀ ਜ਼ਮੀਨ ਸੰਘਰਸ਼ ਦੇ ਜ਼ੋਰ ’ਤੇ ਲਈ ਹੈ, ਉਹ ਵੀ ਪੂਰੀ ਨਹੀਂ ਹੈ। ਇਸੇ ਜ਼ਮੀਨ ਦੇ ਪੈਸੇ ਵੱਧ ਲੈ ਲਾਏ ਹਨ ਅਤੇ ਜ਼ਮੀਨ ਘੱਟ ਹੈ। ਅੱਜ ਧਰਨਾ ਦੇਣ ਉਪਰੰਤ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਅਤੇ ਡੀਡੀਪੀਓ ਸੁਖਚੈਨ ਸਿੰਘ ਪਾਪੜਾ ਨਾਲ ਇੱਕ ਘੰਟਾ ਗੱਲਬਾਤ ਹੋਈ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਪਿੰਡ ਤਰੋੜਾ ਕਲਾਂ ਵਿੱਚ ਜਿਨ੍ਹਾਂ ਨੇ ਵੀ ਬਿਨਾਂ ਬੋਲੀ ਤੋਂ ਜ਼ਮੀਨ ਵਾਹੀ ਹੈ, ਉਨ੍ਹਾਂ ਬੰਦਿਆਂ ’ਤੇ ਕਾਰਵਾਈ ਕੀਤੀ ਜਾਵੇਗੀ, ਛੱਤੀ ਕਿਲ੍ਹਿਆਂ ਦੀ ਬੋਲੀ ਬਾਰੇ ਤਰੀਕ 14 ਜੁਲਾਈ ਨੂੰ ਦੱਸ ਦਿੱਤੀ ਜਾਵੇਗੀ, ਪਿੰਡ ਖੇੜੀ ਭੀਮਾਂ ਦੀ ਪੰਚਾਇਤੀ ਜ਼ਮੀਨ ਦੀ ਮਿਣਤੀ 15 ਜੁਲਾਈ ਨੂੰ ਰੱਖ ਦਿੱਤੀ ਗਈ ਹੈ ਤੇ ਕੁਲਬੁਰਛਾਂ ਅਤੇ ਸਦਰਪੁਰਾ ਦੀ ਮਿਣਤੀ ਦੀ ਤਰੀਕ ਵੀ ਤੈਅ ਕਰ ਦਿੱਤੀ ਗਈ ਹੈ। ਇਨ੍ਹਾਂ ਸਾਰੀਆਂ ਮੰਗਾਂ ਦੀ ਫੌਰੀ ਹੱਲ ਕਰਨ ਲਈ ਧਰਨੇ ਵਿੱਚ ਆ ਕੇ ਬੀਡੀਪੀਓ ਅਜੈਬ ਸਿੰਘ ਨੇ ਭਰੋਸਾ ਦਿੱਤਾ। ਅੱਜ ਦੇ ਧਰਨੇ ਨੂੰ ਬੀਕੇਯੂ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸਵਾਜਪੁਰਾ ਅਤੇ ਛਿੰਦਾਂ ਸਿੰਘ, ਲੋਕ ਸੰਗਰਾਮ ਮੋਰਚਾ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਵੀ ਸੰਬੋਧਨ ਕੀਤਾ।