ਰਵੇਲ ਸਿੰਘ ਭਿੰਡਰ
ਪਟਿਆਲਾ, 24 ਫਰਵਰੀ
ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ ਨੇ ਅੱਜ ਸਥਾਨਕ ਮਾਲ ਰੋਡ ’ਤੇ ਸਥਿਤ ਮਹਿੰਦਰਾ ਕੋਠੀ, ਜਿਸ ਦੀ ਕਿ ਪੁਰਾਤਨ ਦਿੱਖ ਬਹਾਲ ਕਰਕੇ ਇਥੇ, ਵਿਸ਼ਵ ਦੀ ਸਭ ਤੋਂ ਵੱਡੀ ਮੈਡਲ ਗੈਲਰੀ ਤੇ ਬੇਸ਼ਕੀਮਤੀ ਸਿੱਕਿਆਂ ਦਾ ਮਿਊਜ਼ੀਅਮ ਸਥਾਪਤ ਕੀਤਾ ਜਾ ਰਿਹਾ ਹੈ, ਦੀ ਮੁਰੰਮਤ ਤੇ ਨਵੀਨੀਕਰਨ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ, ਸਾਬਕਾ ਆਈਏਐਸ ਅਧਿਕਾਰੀ, ਸ਼ਿਵਦੁਲਾਰ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਕੁਮਾਰ ਅਮਿਤ ਮੌਜੂਦ ਸਨ। ਇਸ ਮੌਕੇ ਸ੍ਰੀ ਸੰਜੇ ਕੁਮਾਰ ਨੇ ਦੱਸਿਆ ਕਿ ਇਸ ਉਪਰ ਕਰੀਬ 70 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। ਉਨ੍ਹਾਂ 84 ਕਮਰਿਆਂ ਵਾਲੀ ਪੁਰਾਤਨ ਮਹਿੰਦਰਾ ਕੋਠੀ ਦੀ ਵਿਰਾਸਤੀ ਦਿੱਖ ਬਹਾਲ ਕੀਤੇ ਜਾਣ ਦੇ ਕੰਮ ’ਤੇ ਤਸੱਲੀ ਦਾ ਇਜ਼ਹਾਰ ਕੀਤਾ ਅਤੇ ਨਾਲ ਹੀ ਇਸ ਕੰਮ ਨੂੰ ਨੇਪਰੇ ਚਾੜ ਰਹੀ ਏਜੰਸੀ ਅਤੇ ਵਿਭਾਗੀ ਇੰਜੀਨੀਅਰਾਂ ਨੂੰ ਹਦਾਇਤ ਕੀਤੀ ਕਿ ਇਸ ਮੈਡਲ ਗੈਲਰੀ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਮੈਡਲ ਗੈਲਰੀ ‘ਚ ਮਹਾਰਾਜਾ ਭੁਪਿੰਦਰ ਸਿੰਘ ਤੇ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ ਇਕੱਤਰ ਕੀਤੇ ਗਏ 3200 ਤੋਂ ਵੀ ਵਧੇਰੇ ਮੈਡਲਜ਼, ਆਰਡਰਜ਼ ਤੇ 3000 ਦੇ ਕਰੀਬ ਪੁਰਾਤਨ ਸਿੱਕਿਆਂ ਸਮੇਤ ਹੋਰ ਪੁਰਾਤਨ ਵਸਤਾਂ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ।