ਖੇਤਰੀ ਪ੍ਰਤੀਨਿਧ
ਪਟਿਆਲਾ, 7 ਅਕਤੂਬਰ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੀ ਛੋਟੀ ਨਦੀ ਅਤੇ ਵੱਡੀ ਨਦੀ ਦੀ ਪੁਨਰ ਸੁਰਜੀਤੀ ਲਈ ਸੁੰਦਰੀਕਰਨ ਅਤੇ ਨਵੀਨੀਕਰਨ ਦੇ ਪ੍ਰਾਜੈਕਟ ਦਾ ਜਾਇਜ਼ਾ ਲੈਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪਟਿਆਲਾ ਵਾਸੀਆਂ ਲਈ ਸਰਾਪ ਬਣੀਆਂ ਇਨ੍ਹਾਂ ਦੋਵਾਂ ਨਦੀਆਂ ਦੇ ਸੁੰਦਰੀਕਰਨ ਮਗਰੋਂ ਇਹ ਸੈਰਗਾਹ ਦਾ ਮਹੱਤਵਪੂਰਨ ਪ੍ਰਾਜੈਕਟ ਸਾਬਤ ਹੋਣਗੀਆਂ। ਸਾਕਸ਼ੀ ਸਾਹਨੀ ਨੇ ਨਦੀ ਕਿਨਾਰੇ ਬਣਨ ਵਾਲੇ 30 ਅਤੇ 26 ਐੱਮਐੱਲਡੀ ਦੇ ਐੱਸਟੀਪੀਜ਼ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜਲ ਨਿਕਾਸ ਵਿਭਾਗ, ਜਲ ਸਪਲਾਈ ਤੇ ਸੀਵਰੇਜ ਬੋਰਡ, ਜਿਨ੍ਹਾਂ ਵੱਲੋਂ ਇਸ ਕੰਮ ਨੂੰ ਸਾਂਝੇ ਤੌਰ ’ਤੇ ਨੇਪਰੇ ਚੜ੍ਹਾਇਆ ਜਾ ਰਿਹਾ ਹੈ, ਸਮੇਤ ਪੀਡੀਏ, ਜੰਗਲਾਤ ਅਤੇ ਜੰਗਲੀ ਜੀਵ, ਬਿਜਲੀ ਨਿਗਮ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ। ਜ਼ਿਕਰਯੋਗ ਹੈ ਕਿ ਵੱਡੀ ਤੇ ਛੋਟੀ ਨਦੀ ਦੀ ਪੁਨਰ-ਸੁਰਜੀਤੀ, ਨਵੀਨੀਕਰਨ ’ਤੇ ਸੁੰਦਰੀਕਰਨ ਲਈ 208.33 ਕਰੋੜ ਰੁਪਏ ਦਾ ਪ੍ਰਾਜੈਕਟ ਹੈ।