ਖੇਤਰੀ ਪ੍ਰਤੀਨਿਧ
ਪਟਿਆਲਾ, 10 ਜੂਨ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੀ ਛੋਟੀ ਅਤੇ ਵੱਡੀ ਨਦੀ ਦੇ ਪੁਨਰ ਸੁਰਜੀਤ ਲਈ ਸੁੰਦਰੀਕਰਨ ਅਤੇ ਨਵੀਨੀਕਰਨ ਪ੍ਰਾਜੈਕਟ ਦੇ ਚੱਲ ਰਹੇ ਕੰਮ ਦਾ ਮੌਕੇ ’ਤੇ ਜਾ ਕੇ ਜਾਇਜ਼ਾ ਲਿਆ। ਉਨ੍ਹਾਂ ਨੇ ਦੌਲਤਪੁਰਾ, ਪੁਰਾਣਾ ਬਿਸ਼ਨ ਨਗਰ ਅਤੇ ਡੀਅਰ ਪਾਰਕ ਨੇੜੇ ਦੋਵਾਂ ਨਦੀਆਂ ਦੇ ਮਿਲਣ ਸਥਾਨ ’ਤੇ ਪਲਾਂਟ ਦਾ ਦੌਰਾ ਕੀਤਾ।
ਡਿਪਟੀ ਕਮਿਸ਼ਨਰ ਨੇ ਪਿੰਡ ਦੌਲਤਪੁਰਾ ਵਿੱਚ ਜਾ ਕੇ 30 ਐੱਮ.ਐੱਲ.ਡੀ. ਦੇ ਲੱਗ ਰਹੇ ਐੱਸ.ਟੀ.ਪੀ. ਦੇ ਕੰਮ ਵਾਲੇ ਸਥਾਨ ’ਤੇ ਜਾਇਜ਼ਾ ਲੈਂਦਿਆਂ ਜਲ ਨਿਕਾਸ ਵਿਭਾਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਸਮੇਤ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਇੱਕ ਵੱਡਾ ਪ੍ਰਾਜੈਕਟ ਹੈ, ਜੋ ਕਿ ਪਟਿਆਲਾ ਦੇ ਵਿਕਾਸ ਲਈ ਅਹਿਮ ਸਾਬਤ ਹੋਵੇਗਾ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਆਪਸੀ ਤਾਲਮੇਲ ਨਾਲ ਇਸ ਕੰਮ ’ਚ ਤੇਜ਼ੀ ਲਿਆਂਦੀ ਜਾਵੇ।
ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਵੱਡੀ ਨਦੀ ਦੀ ਚੈਨੇਲਾਈਜੇਸ਼ਨ ਕਰਕੇ ਬੀੜ ਨੇੜੇ ਨਦੀ ਦੇ ਦੋਵੇਂ ਪਾਸੇ ਕੰਕਰੀਟ ਦੇ ਬੰਨ੍ਹ ਬਣਾਏ ਜਾਣਗੇ ਤਾਂ ਕਿ ਬਰਸਾਤੀ ਸੀਜ਼ਨ ਦੌਰਾਨ ਡੀਅਰ ਪਾਰਕ ਦੇ ਜਾਨਵਰਾਂ ਲਈ ਹੜ੍ਹਾਂ ਅਤੇ ਪਾਣੀ ਦਾ ਕੋਈ ਖ਼ਤਰਾ ਨਾ ਰਹੇ। ਉਨ੍ਹਾਂ ਕਿਹਾ ਕਿ ਵੱਡੀ ਨਦੀ ’ਚ ਚੈੱਕ ਡੈਮ, ਹਾਈ ਲੈਵਲ ਬਰਿਜ ਆਦਿ ਦਾ ਕੰਮ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁੰਦਰੀਕਰਨ ਤੇ ਨਵੀਨੀਕਰਨ ਨਾਲ ਇਹ ਨਦੀਆਂ ਵਾਤਾਵਰਨ ਦੀ ਸ਼ੁੱਧਤਾ ਤੇ ਧਰਤੀ ਹੇਠਲੇ ਪਾਣੀ ਦੇ ਰੀਚਾਰਜ ਲਈ ਵੀ ਮਦਦਗਾਰ ਸਾਬਤ ਹੋਣਗੀਆਂ।