ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੀ ਧੀ ਬੀਬਾ ਜੈਇੰਦਰ ਕੌਰ ਨੇ ਅੱਜ ਸ਼ਹਿਰ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪਟਿਆਲਾ ਦੀ ਰਿਆਸਤੀ ਦਿੱਖ ਨੂੰ ਸੰਵਾਰਨ ਅਤੇ ਬਹਾਲ ਕਰਨ ਦੇ ਮੰਤਵ ਨਾਲ ਬਣਾਈ ਜਾ ਰਹੀ ‘ਹੈਰੀਟੇਜ ਸਟ੍ਰੀਟ’ ਸ਼ਹਿਰ ਦੇ ਰਿਆਸਤੀ ਨਕਸ਼ਾਂ ਨੂੰ ਵਿਸ਼ਵ ਪੱਧਰ ’ਤੇ ਉਭਾਰਨ ’ਚ ਸਹਾਈ ਹੋਵੇਗੀ। ਬੀਬਾ ਜੈ ਇੰਦਰ ਕੌਰ ਨੇ ਸਨੌਰੀ ਅੱਡਾ ਸਕੂਲ ਤੇ ਰਾਈ ਮਾਜਰਾ ਸਕੂਲਾਂ ’ਚ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਇਨ੍ਹਾਂ ਲਈ ਕ੍ਰਮਵਾਰ 20 ਲੱਖ ਅਤੇ 34 ਲੱਖ ਦੀ ਗਰਾਂਟ ਭੇਜੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ, ਪੀ ਡੀ ਏ ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ ਅਤੇ ਹੋਰ ਅਧਿਕਾਰੀ ਤੇ ਇਲਾਕੇ ਦੇ ਸਬੰਧਤ ਕੌਂਸਲਰ ਵੀ ਮੌਜੂਦ ਸਨ।
-ਖੇਤਰੀ ਪ੍ਰਤੀਨਿਧ