ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਸਤੰਬਰ
ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਅੱਜ ਪਟਿਆਲਾ ਦੀ ਵੱਡੀ ਅਤੇ ਛੋਟੀ ਨਦੀ ਦੇ ਪੁਨਰਜੀਵੰਤ ਅਤੇ ਸੁੰਦਰੀਕਰਨ ਕਰਨ ਲਈ ਪ੍ਰਗਤੀ ਅਧੀਨ 165 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਇਸ ਦੌਰਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਪ੍ਰਾਜੈਕਟ ਤੈਅ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਮੰਤਰੀ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਦੀਆਂ ਗੈਰ-ਯੋਜਨਾਬੱਧ ਕਲੋਨੀਆਂ ਦਾ ਗੰਦਾ ਪਾਣੀ, ਉਦਯੋਗਿਕ ਖੇਤਰਾਂ ਦਾ ਰਸਾਇਣ ਵਾਲਾ ਪਾਣੀ ਅਤੇ ਕਚਰਾ ਆਦਿ ਵੱਡੀ ਨਦੀ ਅਤੇ ਛੋਟੀ ਨਦੀ ਵਿੱਚ ਵਹਿ ਜਾਂਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨਦੀਆਂ ਦੇ ਨਾਲ ਲੱਗਦੇ ਖੇਤਰਾਂ ਵਿੱਚ ਗੰਦੇ ਪਾਣੀ ਦੀ ਨਿਕਾਸੀ ਦੀ ਸਹੀ ਵਿਵਸਥਾ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਦੀਆਂ ਵਿੱਚ ਘਰਾਂ ਦਾ ਗੰਦਾ ਪਾਣੀ ਅਤੇ ਉਦਯੋਗਿਕ ਖੇਤਰਾਂ ਦਾ ਅਣਸੋਧਿਆ ਗੰਦਾ ਪਾਣੀ ਜਾਣ ਨਾਲ ਧਰਤੀ ਹੇਠਲੇ ਪਾਣੀ ਦੇ ਸਰੋਤ ਵੀ ਦੂਸ਼ਿਤ ਹੋ ਰਹੇ ਹਨ। ਡਾ. ਨਿੱਝਰ ਨੇ ਹੋਰ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਉਦੇਸ਼ ਪਟਿਆਲਾ ਸ਼ਹਿਰ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਨੂੰ ਸੁਧਾਰਨਾ ਅਤੇ ਵਾਤਾਵਰਨ ਨੂੰ ਦੂਸ਼ਿਤ ਰਹਿਤ ਅਤੇ ਸੁੰਦਰ ਬਣਾਉਣਾ ਹੈ। ਇਸ ਤੋਂ ਇਲਾਵਾ ਪਾਣੀ ਨੂੰ ਰਿਚਾਰਜ਼ ਕਰਕੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਵਿੱਚ ਸੁਧਾਰ ਲਿਆਉਣਾ ਹੈ। ਉਨ੍ਹਾਂ ਨੇ ਦੱਸਿਆ ਕਿ ਘਰੇਲੂ ਅਤੇ ਉਦਯੋਗਿਕ ਖੇਤਰਾਂ ਦੇ ਗੰਦੇ ਪਾਣੀ ਨੂੰ ਸੀਵਰ ਲਾਈਨਾਂ ਰਾਹੀਂ ਰੋਕਿਆ ਜਾਵੇਗਾ ਅਤੇ ਇਸ ਨੂੰ ਟਰੀਟਮੈਂਟ ਪ੍ਰਣਾਲੀ ਰਾਹੀਂ ਸੋਧਣ ਉਪਰੰਤ ਦੁਬਾਰਾ ਨਦੀਆਂ ਵਿੱਚ ਪਾਇਆ ਜਾਵੇਗਾ।
ਵੱਡੀ ਨਦੀ ’ਚ ਸਾਫ਼ ਪਾਣੀ ਦੇ ਭੰਡਾਰਨ ਦੀ ਹੋਵੇਗੀ ਵਿਵਸਥਾ
ਡਾ. ਇੰਦਰਬੀਰ ਨਿੱਝਰ ਨੇ ਦੱਸਿਆ ਕਿ ਆਟੋਮੈਟਿਕ ਟਿਲਟਿੰਗ ਗੇਟਾਂ/ਫਲੈਪ ਗੇਟਾਂ ਨਾਲ ਚੈੱਕ ਡੈਮਾਂ ਰਾਹੀਂ ਵੱਡੀ ਨਦੀ ਵਿੱਚ ਸਾਫ਼ ਪਾਣੀ ਦੇ ਭੰਡਾਰਨ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪਾਰਕਾਂ, ਵਾਕਵੇਅ, ਸਾਈਕਲ ਟਰੈਕ ਨੂੰ ਵਿਕਸਿਤ ਕਰਕੇ ਛੋਟੀ ਨਦੀ ਨਾਲ ਲੱਗਦੇ ਖੇਤਰ ਨੂੰ ਜਨਤਾ ਲਈ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਦੇ ਪਾਣੀ ਨੂੰ ਸਚਾਰੂ ਢੰਗ ਨਾਲ ਲਿਜਾਣ ਲਈ ਦੋਵੇਂ ਨਦੀਆਂ ਦੇ ਵਾਟਰ ਚੈਨਲਾਂ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ।