ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਸਤੰਬਰ
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੋਣ ਕਾਰਨ ਸ਼ਾਹੀ ਸ਼ਹਿਰ ਪਟਿਆਲਾ ਵਿਚ ਘੱਟੋ ਘੱਟ ਤਿੰਨ ਸਾਲ ਵਧੇਰੇ ਧਰਨੇ ਮੁਜ਼ਾਹਰੇ ਹੋਏ। ਖਾਸ ਕਰਕੇ ਮੁੱਖ ਮੰਤਰੀ ਨਿਵਾਸ ਦੇ ਨੇੜੇ ਸਥਿਤ ਵਾਈਪੀਐੱਸ ਚੌਕ ਇਨ੍ਹਾਂ ਧਰਨਿਆਂ ਦਾ ਮੁੱਖ ਕੇਂਦਰ ਬਿੰਦੂ ਬਣਿਆ ਰਿਹਾ। ਜਿਸ ਦੌਰਾਨ ਹੀ ਇਸ ਚੌਕ ’ਚ ਘੱਟੋ ਘੱਟ ਛੇ ਮਹੀਨਿਆਂ ਤੋਂ ਪੱਕੇ ਤੌਰ ’ਤੇ ਹੀ ਮਜ਼ਬੂਤ ਬੈਰੀਕੇਡ ਲਾ ਕੇ ਪੁਲੀਸ ਨੇ ਪੱਕਾ ਨਾਕਾ ਲਾਇਆ ਹੋਇਆ ਸੀ। ਅਸਲ ’ਚ ਇਹ ਸੜਕ ਮੋਤੀ ਮਹਿਲ ਦੇ ਮੂਹਰੋਂ ਦੀ ਹੋ ਕੇ ਅੱਗੇ ਗੁਰਦਵਾਰਾ ਮੋਤੀ ਬਾਗ, ਨਗਰ ਨਿਗਮ ਦਫਤਰ, ਐੱਨਆਈਐੱਸ ਅਤੇ ਮਹਿੰਦਰਾ ਕਾਲਜ ਨੂੰ ਜਾਂਦੀ ਹੈ ਪਰ ਇਸ ਦੇ ਪਰਲੇ ਸਿਰੇ ’ਤੇ ਵੀ ਬੈਰੀਕੇਡਿਗ ਸੀ। ਜਿਸ ਕਾਰਨ ਇਸ ਖੇਤਰ ਦੇ ਲੋਕਾਂ ਸਮੇਤ ਬਾਹਰੋਂ ਆਉਣ ਵਾਲਿਆਂ ਨੂੰ ਵਧੇਰੇ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਸੀ। ਪਰ ਹੁਣ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਲੰਘੀ ਰਾਤ ਇਹ ਰਸਤਾ ਚਾਲੂ ਕਰ ਦਿੱਤਾ ਗਿਆ ਹੈ। ਜਿਸ ਨਾਲ਼ ਲੋਕਾਂ ਨੇ ਵਡੀ ਰਾਹਤ ਮਹਿਸੂਸ ਕੀਤੀ ਹੈ। ਇਨ੍ਹਾਂ ਦੋ ਵੱਡੇ ਨਾਕਿਆਂ ਸਮੇਤ ਮਹਿਲ ਦੇ ਪਿਛਵਾੜੇ ਸਥਿਤ ਮਹਿੰਦੀ ਚੌਕ ’ਤੇ ਵੀ ਇਸੇ ਤਰਾਂ ਪੱਕੇ ਤੌਰ ’ਤੇ ਬੈਠੀ ਪੁਲੀਸ ਫੋਰਸ ਨੇ ਬੈਰੀਕੇਡ ਲਾ ਕੇ ਰਸਤਾ ਬੰਦ ਕੀਤਾ ਹੋਇਆ ਸੀ,ਜੋ ਵੀਅੱਜ ਖੋਲ੍ਹ ਦਿੱਤਾ ਗਿਆ ਹੈ। ਜਿਸ ਨਾਲ਼ ਅਫਸਰ ਕਲੋਨੀ,ਨਿਊ ਅਫਸਰ ਕਲੋਨੀ, ਖੇੜੀ ਗੁੱਜਰਾਂ, ਮਹਿੰਦਰਾ ਕੰਪਲੈਕਸ ਅਤੇ ਮਾਲਵਾ ਕਲੋਨੀ ਸਮੇਤ ਇਸ ਖੇਤਰ ਦੀਆਂ ਕਈ ਹੋਰ ਕਲੋਨੀਆਂ ਸਮੇਤ ਇਥੋਂ ਦੀ ਹੋ ਕੇ ਅੱਗੇ ਜਾਣ ਵਾਲ਼ੇ ਕਈ ਪਿੰਡਾਂ ਦੇ ਲੋਕਾਂ ਨੂੰ ਵੀ ਰਾਹਤ ਮਿਲੀ ਹੈ। ਇਸ ਤਰਾਂ ਮੋਤੀ ਮਹਿਲ ਦੇ ਅੱਗੋ ਲੰਘਦੀ ਸੜਕ ਵਾਲ਼ੇ ਵਾਈਪੀਐਸ ਚੌਕ ਅਤੇ ਮੋਤੀਬਾਗ ਚੌਕ ਤੋਂ ਵੀ ਅਵਾਜਾਈ ਬਹਾਲ ਹੋਣ ਨਾਲ਼ ਭਰਭੂਰ ਗਾਰਡਨ ਸਮੇਤ ਕਈ ਹੋਰ ਖੇਤਰਾਂ ਦੇ ਲੋਕਾ ਨੂੰ ਡਾਢੀ ਰਾਹਤ ਮਹਿਸੂਸ ਕੀਤੀ ਹੈ। ਥਾਣਾ ਸਿਵਲ ਲਾਈਨ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਭਿੰਡਰ ਦਾ ਕਹਿਣਾ ਸੀ ਇਹ ਰਸਤੇ ਖੋਲ੍ਹ ਦਿੱਤੇ ਗਏ ਹਨ।