ਪੱਤਰ ਪ੍ਰੇਰਕ
ਘਨੌਰ, 13 ਦਸੰਬਰ
ਦਿੱਲੀ ਮੋਰਚਾ ਫਤਹਿ ਕਰ ਕੇ ਘਰਾਂ ਨੂੰ ਪਰਤੇ ਪਿੰਡ ਮਰਦਾਂਪੁਰ ਦੇ ਸੰਘਰਸ਼ੀ ਕਿਸਾਨਾਂ ਕਰਮ ਸਿੰਘ, ਹਰਨੇਕ ਸਿੰਘ, ਅਮਰਜੀਤ ਸਿੰਘ ਦਾ ਪਿੰਡ ਵਾਸੀਆਂ ਵੱਲੋਂ ਲਾਲ ਸਿੰਘ, ਕੁਲਜੀਤ ਸਿੰਘ, ਜਗਦੀਸ਼ ਸਿੰਘ, ਹਰਮੇਸ਼ ਸਿੰਘ ਅਤੇ ਕੁਲਦੀਪ ਸਿੰਘ ਦੁਆਰਾ ਸਵਾਗਤ ਕੀਤਾ ਗਿਆ। ਇਨ੍ਹਾਂ ਸੰਘਰਸ਼ੀ ਯੋਧਿਆਂ ਨੂੰ ਸਿਰਪਾਓ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਆਤਿਸ਼ਬਾਜੀ ਵੀ ਕੀਤੀ ਗਈ।
ਧੂਰੀ (ਹਰਦੀਪ ਸਿੰਘ ਸੋਢੀ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਧੂਰੀ ਦੇ ਨੇੜਲੇ ਪਿੰਡ ਲੱਡਾ ਕੋਲ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਪੱਕਾ ਧਰਨਾ ਅੱਜ ਮਨਜੀਤ ਸਿੰਘ ਜਹਾਂਗੀਰ ਦੀ ਅਗਵਾਈ ਹੇਠ 437ਵੇਂ ਦਿਨ ਵੀ ਜਾਰੀ ਰਿਹਾ। ਅੱਜ ਆਗੂਆਂ ਨੇ ਕਿਸਾਨ ਆਗੂਆਂ ਦਾ ਪਿੰਡ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਮਾਨਸਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰੈਲੀ ਦੌਰਾਨ ਧਰਨਾਕਾਰੀਆਂ ਉੱਪਰ ਡੀਐੱਸਪੀ ਵੱਲੋਂ ਕੀਤੇ ਲਾਠੀਚਾਰਜ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਡੀਐਸਪੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁੱਖਜੀਤ ਸਿੰਘ ਲੱਡਾ, ਰਾਮ ਸਿੰਘ , ਗੁਰਮੀਤ ਕੌਰ ਬੇਨੜਾ ਤੇ ਹਮੀਰ ਸਿੰਘ ਹਾਜ਼ਰ ਸਨ।
ਸੋਨੇ ਦੇ ਤਗਮੇ ਨਾਲ ਕਿਸਾਨ ਦਾ ਸਨਮਾਨ
ਸੰਦੌੜ (ਪੱਤਰ ਪ੍ਰੇਰਕ): ਟਿਕਰੀ ਬਾਰਡਰ ’ਤੇ ਕਿਸਾਨੀ ਸੰਘਰਸ਼ ਦਾ ਸਾਥ ਦੇਣ ਵਾਲੇ ਪਿੰਡ ਕੁਠਾਲਾ ਦੇ ਨੰਬਰਦਾਰ ਨਿਰਮਲ ਸਿੰਘ ਦਾ ਅੱਜ ਪਿੰਡ ਪਹੁੰਚਣ ’ਤੇ ਸੈਂਕੜੇ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਨੰਬਰਦਾਰ ਨਿਰਮਲ ਸਿੰਘ ਦੇ ਸਵਾਗਤ ਲਈ ਫਤਹਿ ਮਾਰਚ ਕੱਢਿਆ ਗਿਆ। ਧੂਰੀ ਤੋਂ ਸ਼ੁਰੂ ਹੋਇਆ ਇਹ ਮਾਰਚ ਵੱਖ ਵੱਖ ਪਿੰਡਾਂ ਵਿਚੋਂ ਦੀ ਹੁੰਦਾ ਹੋਇਆ ਸ਼ਾਮ ਨੂੰ ਪਿੰਡ ਕੁਠਾਲਾ ਪਹੁੰਚਿਆ ਜਿਥੇ ਨੰਬਰਦਾਰ ਨਿਰਮਲ ਸਿੰਘ ਨੇ ਗੁਰਦੁਆਰਾ ਸਾਹਿਬ ਸ਼ਹੀਦੀ ਵਿਖੇ ਮੱਥਾ ਟੇਕਿਆ। ਗੁਰਦੁਆਰਾ ਸਾਹਿਬ ਵਿੱਚ ਪਰਵਾਸੀ ਪੰਜਾਬੀ ਪਰਵੀਰ ਸਿੰਘ ਕੈਨੇਡਾ ਅਤੇ ਜਗਬੀਰ ਸਿੰਘ ਕੈਨੇਡਾ ਨੇ ਨਿਰਮਲ ਸਿੰਘ ਕੁਠਾਲਾ ਨੂੰ ਦੋ ਤੋਲੇ ਸੋਨੇ ਦੇ ਮੈਡਲ ਨਾਲ ਸਨਮਾਨਤ ਵੀ ਕੀਤਾ।
ਜੀਜੀਐੱਸ ਸਕੂਲ ਦੇ ਪ੍ਰਬੰਧਕਾਂ ਨੇ ਖੁਸ਼ੀ ਮਨਾਈ
ਲਹਿਰਾਗਾਗਾ (ਪੱਤਰ ਪ੍ਰੇਰਕ): ਜੀਜੀਐੱਸ ਇੰਟਰਨੈਸ਼ਨਲ ਸਕੂਲ ਜਲੂਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਗਰਗ ਬੁਢਲਾਡਾ, ਚੇਅਰਮੈਨ ਨਵੀ ਤਲੀ ਅਤੇ ਮੈਨੇਜਮੈਂਟ ਡਾਇਰੈਕਟਰ ਡਾ. ਸੰਜੈ ਗਰਗ, ਸੁਦੀਪ ਗਰਗ, ਪ੍ਰਿੰਸੀਪਲ ਸ਼ਸ਼ੀ ਪਾਲ ਸ਼ਰਮਾ ਤੇ ਸਮੂਹ ਸਟਾਫ ਨੇ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ। ਇਸ ਦੌਰਾਨ ਸਕੂਲ ਪ੍ਰਬੰਧਕਾਂ ਨੇ ਸੰਘਰਸ਼ਸ਼ੀਲ ਕਿਸਾਨਾਂ ਦੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ।