ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਨਵੰਬਰ
ਮਾਊਂਟ ਐਵਰੈਸਟ ਉੱਤੇ ਕੌਮਾਂਤਰੀ ਫ਼ੈਸ਼ਨ ਸ਼ੋਅ ਕਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਆਪਣਾ ਨਾਂ ਦਰਜ ਕਰਵਾਉਣ ਵਾਲੀ ਟੀਮ ਵਿਚ ਪਟਿਆਲਾ ਅਤੇ ਹਰਿਆਣਾ ਦੇ ਦੋ ਗੱਭਰੂ ਵੀ ਸ਼ਾਮਲ ਸਨ। ਇਨ੍ਹਾਂ ਦੋਵਾਂ ਗੱਭਰੂਆਂ ਨੂੰ ਅੱਜ ਇੱਥੇ ਪਟਿਆਲਾ ਮੀਡੀਆ ਕਲੱਬ ਵਿਚ ਵੱਡੀ ਪ੍ਰਾਪਤੀ ਲਈ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਅਤੇ ਸਨਮਾਨਤ ਕੀਤਾ ਗਿਆ। ਗਿੰਨੀਜ਼ ਬੁੱਕ ਵਿੱਚ ਰਿਕਾਰਡ ਦਰਜ ਕਰਵਾਉਣ ਵਾਲੀ ਟੀਮ ਦੇ ਨੇਪਾਲ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਮੁਖੀ ਪੰਕਜ ਕੁਮਾਰ ਗੁਪਤਾ ਨੇ ਦੱਸਿਆ ਕਿ ਮਾਊਂਟ ਐਵਰੈਸਟ ’ਤੇ ਇਹ ਫ਼ੈਸ਼ਨ ਸ਼ੋਅ 5500 ਮੀਟਰ ਯਾਨੀ 18044.62 ਫੁੱਟ ਦੀ ਉਚਾਈ ’ਤੇ ਕੀਤਾ ਗਿਆ, ਜਿਸ ’ਤੇ ਤਕਰੀਬਨ ਸਾਢੇ ਪੰਜ ਕਰੋੜ ਰੁਪਏ ਖਰਚਾ ਆਇਆ। ਇਸ ਸ਼ੋਅ ਵਿਚ ਫਿਨਲੈਂਡ, ਇਟਲੀ, ਪੋਲੈਂਡ, ਯੂਕੇ, ਜਰਮਨੀ ਤੇ ਨੇਪਾਲ ਤੋਂ ਟੀਮਾਂ ਨੇ ਭਾਗ ਲਿਆ। ਜਿਸ ਟੀਮ ਨੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਨਾਂ ਦਰਜ ਕਰਵਾਇਆ, ਉਸ ਵਿਚ ਪਟਿਆਲਾ ਦੇ ਮਨੀ ਕੁਮਾਰ ਜੋ ਪੇਸ਼ੇ ਵਜੋਂ ਵਕੀਲ ਹਨ ਅਤੇ ਹਰਿਆਣਾ ਦੇ ਫ਼ਤਿਹਾਬਾਦ ਤੋਂ ਸੰਦੀਪ ਕੁਮਾਰ ਵੀ ਸ਼ਾਮਲ ਸਨ। ਪੰਕਜ ਗੁਪਤਾ ਨੇ ਦੱਸਿਆ ਕਿ ਮਾਊਂਟ ਐਵਰੈਸਟ ’ਤੇ ਇਹ ਸ਼ੋਅ ਭਗਵਾਨ ਗੌਤਮ ਬੁੱਧ ਦੇ ਫ਼ਲਸਫ਼ੇ ‘ਅਹਿੰਸਾ ਪਰਮੋ ਧਰਮਾ’ ਤੋਂ ਪ੍ਰੇਰਿਤ ਸੀ। ਸ਼ੋਅ ਵਿਚ ਸ਼ਾਮਲ ਟੀਮ ਨੇ ਟਰੈਕਿੰਗ ਰਾਹੀਂ ਮਾਊਂਟ ਐਵਰੈਸਟ ਦੀਆਂ ਚੋਟੀਆਂ ਸਰ ਕੀਤੀਆਂ। ਉਨ੍ਹਾਂ ਕਿਹਾ ਕਿ ਸਾਰੇ ਭਾਰਤੀਆਂ ਨੂੰ ਆਪਣੇ ਜੀਵਨ ਵਿਚ ਇਕ ਵਾਰ ਮਾਊਂਟ ਐਵਰੈਸਟ ’ਤੇ ਜ਼ਰੂਰ ਜਾਣਾ ਚਾਹੀਦਾ ਹੈ। ਟੀਮ ਵਿਚ ਸ਼ਾਮਲ ਮਨੀ ਗੁਪਤਾ ਤੇ ਸੰਦੀਪ ਕੁਮਾਰ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।