ਖੇਤਰੀ ਪ੍ਰਤੀਨਿਧ
ਪਟਿਆਲਾ, 24 ਜਨਵਰੀ
ਤ੍ਰੈ ਮਾਸਿਕ ਪੰਜਾਬੀ ਮੈਗਜ਼ੀਨ ਤਾਸਮਨ ਵੱਲੋਂ ਪੰਜਾਬੀ ਸਾਹਿਤ ਸਭਾ ਅਤੇ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਵਿਖੇ ਸਾਲਾਨਾ ਸਨਮਾਨ ਸਮਾਰੋਹ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ, ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਤਾਸਮਨ ਮੈਗਜ਼ੀਨ ਨੇ ਸਾਹਿਤਕ ਖੇਤਰ ਵਿਚ ਜ਼ਿਕਰਯੋਗ ਸ਼ੁਰੂਆਤ ਕੀਤੀ ਹੈ। ਮੈਗਜ਼ੀਨ ਤਾਸਮਨ ਦੇ ਸਲਾਹਕਾਰ ਹਰਮੀਤ ਵਿਦਿਆਰਥੀ ਨੇ ਵੀ ਵਿਚਾਰ ਪੇਸ਼ ਕੀਤੇ| ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਆਸਟਰੇਲੀਆ ਤੋਂ ਆਏ ਰੌਬੀ ਬੈਨੀਪਾਲ ਅਤੇ ਅਮਨ ਭੰਗੂ ਦਾ ਕਹਿਣਾ ਸੀ ਕਿ ਤਾਸਮਨ ਲਈ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਪੰਜਾਬ ਵਿਚ ਹੋਰ ਵਧੇਰੇ ਯਤਨ ਕਰਨਗੇੇ। ਤਾਸਮਨ ਦੇ ਮੁੱਖ ਸੰਪਾਦਕ ਹਰਮਨਦੀਪ ਗਿੱਲ, ਪ੍ਰਬੰਧਕੀ ਸੰਪਾਦਕ ਤਰਨਦੀਪ ਬਿਲਾਸਪੁਰ ਅਤੇ ਆਸਟਰੇਲੀਆ ਮੈਨੇਜਰ ਵਰਿੰਦਰ ਆਲੀਸ਼ੇਰ ਦੇ ਸੰਦੇਸ਼ ਪੜ੍ਹੇ ਗਏ। ਤਾਸਮਨ ਸਾਹਿਤ ਪੁਰਕਾਰ ਭਜਨਬੀਰ ਸਿੰਘ ਨੂੰ ਅਨੁਵਾਦ ਦੇ ਖੇਤਰ ਵਿਚ ਕੀਤੇ ਬਿਹਤਰੀਨ ਕਾਰਜ ਲਈ ਸਨਮਾਨਿਤ ਕੀਤਾ ਗਿਆ, ਜਸਵੀਰ ਬੇਗਮਪੁਰੀ ਨੂੰ ਪੁਸਤਕ ਸਭਿਆਚਾਰ ਪ੍ਰਫੁਲਿਤ ਕਰਨ ਲਈ ‘ਤਾਸਮਨ ਸ਼ਬਦ ਪ੍ਰਵਾਹ’ ਪੁਰਸਕਾਰ ਦਿੱਤਾ। ਸ਼ਾਇਰਾ ਮਨਦੀਪ ਔਲ਼ਖ ਨੂੰ ਉਹਨਾਂ ਦੀ ਕਿਤਾਬ ‘ਮਨ ਕਸਤੂਰੀ’ ਲਈ ‘ਤਾਸਮਨ ਯੁਵਾ ਪੁਰਸਕਾਰ’ ਦਿੱਤਾ ਗਿਆ। ਪ੍ਰਧਾਨਗੀ ਭਾਸ਼ਣ ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਪੜ੍ਹਿਆ।