ਖੇਤਰੀ ਪ੍ਰਤੀਨਿਧ
ਪਟਿਆਲਾ, 11 ਅਕਤੂਬਰ
ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਉਚਿਆਉਣ ਲਈ ਇਥੇ ‘ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਅੱਜ ਦੇ ਹਾਲਤਾਂ ਵਿੱਚ ਪ੍ਰਸੰਗ ਇਕੱਠਾ ਕਰੋ’ ਵਿਸ਼ੇ ’ਤੇ ਕਨਵੈਨਸ਼ਨ ਕਰਵਾਈ ਗਈ। ਇਸ ਦੌਰਾਨ ਸ਼ਹੀਦ ਦੇ ਵਿਚਾਰਾਂ ਨੂੰ ਹੋਰ ਵੀ ਸ਼ਿੱਦਤ ਨਾਲ ਲਾਗੂ ਕਰਨ ਦਾ ਪ੍ਰਣ ਲਿਆ ਗਿਆ। ਸ਼ਹੀਦ ਦੀ ਵਿਚਾਰਧਾਰਾ ਨੂੰ ਸੰਘਰਸਸ਼ੀਲ ਲੋਕਾਂ ਲਈ ਰਾਹ ਦਸੇਰਾ ਗਰਦਾਨਦਿਆਂ, ਇਸ ਇਕੱਤਰਤਾ ਨੇ ਉਹਨਾਂ ਦੇ ਸਪਨਿਆਂ ਦਾ ਸੰਸਾਰ ਸਿਰਜਣ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਵੀ ਲਿਆ। ਇਸ ਦੌਰਾਨ ਹੀ ਜਮਹੂਰੀ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੀਆਂ ਸਮੂਹ ਕਾਰਵਾਈਆਂ ਖ਼ਿਲਾਫ਼ ਮਤਾ ਵੀ ਪਾਸ ਕੀਤਾ ਗਿਆ।
ਜਮਹੂਰੀ ਅਧਿਕਾਰ ਸਭਾ ਅਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਕਰਵਾਈ ਗਈ ਇਸ ਕਨਵੈਨਸ਼ਨ ’ਚ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਔਰਤਾਂ, ਨੌਜਵਾਨਾਂ, ਮੁਲਾਜ਼ਮਾਂ, ਵਕੀਲਾਂ ਤੇ ਸਾਬਕਾ ਫੌਜੀਆਂ ਆਦਿ ਨੇ ਭਾਗ ਲਿਆ। ਇਸ ਦੌਰਾਨ ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰੋ. ਬਾਵਾ ਸਿੰਘ, ਵਿਧੂ ਸ਼ੇਖਰ ਭਾਰਦਵਾਜ, ਡਾ. ਬਰਜਿੰਦਰ ਸੋਹਲ, ਪੰਜਾਬ ਏਟਕ ਤੋਂ ਨਿਰਮਲ ਧਾਲੀਵਾਲ ਅਤੇ ਕਿਸਾਨ ਆਗੂਆਂ ਗੁਰਮੀਤ ਦਿੱਤੂਪੁਰ, ਬਲਰਾਜ ਜੋਸ਼ੀ, ਗੁਰਦਰਸ਼ਨ ਸੈਣੀਮਾਜਰਾ, ਰਣਜੀਤ ਸਵਾਜਪੁਰ ਤੇ ਦਵਿੰਦਰ ਪੂਨੀਆ ਸਮੇਤ ਨਾਰੀ ਜਾਗਰਤੀ ਮੰਚ ਤੋਂ ਅਮਨਦੀਪ ਦਿਓਲ, ਸੀਟੂ ਤੋਂ ਬਲਵਾਨ ਸਿੰਘ, ਪੀਐੱਸਯੂ ਤੋਂ ਖੁਸਵਿੰਦਰ ਰਵੀ, ਡੀਐੱਸਓ ਤੋਂ ਪਾਰਸ ਕੁਮਾਰ, ਮੁਲਾਜ਼ਮ ਵਰਗ ਤੋਂ ਜਸਵੀਰ ਖੋਖਰ, ਦੋਧੀ ਯੂਨੀਅਨ ਤੋਂ ਹਰਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਜਦਕਿ ਗੁਰਮੇਲ ਮਾਜਰੀ, ਜਸਦੇਵ ਨੂਗੀ, ਹਰਦੀਪ ਸੇਹਰੀ, ਪੰਮਾ ਪਨੌਦੀਆਂ, ਹਰਵਿੰਦਰ ਕਾਲ਼ਵਾ, ਰਣਧੀਰ ਸਮੂਰਾਂ ਅਤੇ ਬਲਵਿੰਦਰ ਸੈਂਭੀ ਆਦਿ ਜਨਤਕ ਆਗੂਆਂ ਨੇ ਵੀ ਸ਼ਿਰਕਤ ਕੀਤੀ।ਇਸ ਜਨ ਸਮੂਹ ਨੇ ਇਸ ਦੌਰਾਨ ਆਦਿਵਾਸੀ ਲੋਕਾਂ ਦੇ ਕੇਸ ਲੜ ਰਹੇ ਗਾਂਧੀਵਾਦੀ ਨੇਤਾ ਹਿਮਾਂਸ਼ੂ ਕੁਮਾਰ ’ਤੇ ਲਾਇਆ ਜੁਰਮਾਨਾ ਤੇ ਤੀਸਤਾ ਸੀਤਲਾਵਾੜ ’ਤੇ ਕੇਸ ਰੱਦ ਕਰਨ ਅਤੇ ਅੰਕਿਤਾ ਭੰਡਾਰੀ ਤੇ ਬਿਲਕੀਸ ਬਾਨੋ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਜੇਲ੍ਹੀਂ ਡੱਕੇ ਬੇਕਸੂਰ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ, ਪੱਤਰਕਾਰਾਂ ਤੇ ਵਕੀਲਾਂ ਨੂੰ ਰਿਹਾਅ ਕਰਨ ਦੀ ਮੰਗ ਦੇ ਮਤੇ ਪਾਸ ਕੀਤੇ ਗਏ।