ਗੁਰਨਾਮ ਸਿੰਘ ਅਕੀਦਾ
ਪਟਿਆਲਾ, 28 ਜੂਨ
ਆਮ ਆਦਮੀ ਪਾਰਟੀ ਦੀ ਸ਼ਹਿਰੀ ਟੀਮ ਵੱਲੋਂ ਨਗਰ ਨਿਗਮ ਕਮਿਸ਼ਨਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ‘ਆਪ’ ਟੀਮ ਨੇ ਸੜਕ ਬਣਾਉਣ ਵਾਲੇ ਠੇਕੇਦਾਰ ’ਤੇ ਰੁੱਖਾਂ ਨੂੰ ਕੱਟ ਕੇ ਖੁਰਦ ਬੁਰਦ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਲਈ ਕਮਿਸ਼ਨਰ ਨੂੰ ਪੱਤਰ ਸੌਂਪਿਆ ਗਿਆ। ਸ਼ਹਿਰੀ ਟੀਮ ਦੀ ਅਗਵਾਈ ਕਰ ਰਹੇ ‘ਆਪ’ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਦੱਸਿਆ ਕਿ ਸੀਤਲਾ ਮਾਤਾ ਦੇ ਮੰਦਰ ਤੋਂ ਸੀਆਈਏ ਸਟਾਫ਼ ਵੱਲ ਨੂੰ ਜਾਂਦੀ ਸੜਕ ਕਿਨਾਰੇ ਲੱਗੇ 2 ਵੱਡੇ ਰੁੱਖ ਅਤੇ 10 ਦੇ ਕਰੀਬ ਛੋਟੇ ਰੁੱਖ ਠੇਕੇਦਾਰ ਵੱਲੋਂ ਖ਼ੁਰਦ ਬੁਰਦ ਕੀਤੇ ਗਏ ਅਤੇ ਵੱਡੇ ਰੁੱਖਾਂ ਦਾ ਇਨ੍ਹਾਂ ਜ਼ਿਆਦਾ ਨੁਕਸਾਨ ਕੀਤਾ ਹੈ ਕਿ ਆਉਣ ਵਾਲੀ ਬਰਸਾਤਾਂ ’ਚ ਇਸ ਰੁੱਖ ਦਾ ਡਿੱਗਣਾ ਤੈਅ ਹੈ।
ਕਮਿਸ਼ਨਰ ਨੇ ਮਾਮਲੇ ਦੀ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਕੁੰਦਨ ਗੋਗੀਆ, ਵਿਕਰਮ ਸ਼ਰਮਾ, ਅਮਨ ਬੰਸਲ, ਮੁਖ਼ਤਿਆਰ ਗਿੱਲ, ਰਾਜਿੰਦਰ ਮੋਹਨ, ਰਣਬੀਰ ਕੁਮਾਰ ਆਦਿ ਮੌਜੂਦ ਸਨ।
ਇਸ ਬਾਰੇ ਮੇਅਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ‘ਆਪ’ ਦੀ ਲੀਡਰਸ਼ਿਪ ਗਲਤ ਰਾਜਨੀਤੀ ਕਰ ਰਹੀ ਹੈ।