ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 27 ਅਗਸਤ
ਇੱਥੋਂ ਦੇ ਰਾਜਪੁਰਾ-ਪਟਿਆਲਾ ਰੇਲ ਮਾਰਗ ’ਤੇ ਪੁਰਾਣੀ ਜੀਟੀ ਰੋਡ ਵਾਲੇ ਰੇਲਵੇ ਫਾਟਕ ਉਪਰੋਂ ਕਰੀਬ ਢਾਈ ਸਾਲਾਂ ਤੋਂ ਲਮਕ ਰਹੀ ਰੇਲਵੇ ਓਵਰਬ੍ਰਿਜ ਦੀ ਉਸਾਰੀ ਕੇਂਦਰੀ ਰੇਲ ਮੰਤਰੀ ਦੇ ਦਖਲ ਨਾਲ ਮੁਕੰਮਲ ਹੋਣ ਦੀ ਆਸ ਜਾਗੀ ਹੈ। ਦੱਸਣਯੋਗ ਹੈ ਕਿ ਰੇਲਵੇ ਵਿਭਾਗ ਵੱਲੋਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਭਾਈਵਾਲੀ ਨਾਲ 34 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਇਸ ਓਵਰਬ੍ਰਿਜ ਦੀ ਆਪਣੇ ਹਿੱਸੇ ਵਾਲੀ ਉਸਾਰੀ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਹੈ ਜਦਕਿ ਰੇਲਵੇ ਵਿਭਾਗ ਦੇ ਉਸਾਰੀ ਵਿੰਗ ਵੱਲੋਂ ਆਪਣੇ ਹਿੱਸੇ ਦੀ ਕਰੀਬ 80 ਮੀਟਰ ਉਸਾਰੀ ਦਾ 10 ਮਾਰਚ 2022 ਨੂੰ ਟੈਂਡਰ ਹੋਣ ਦੇ ਬਾਵਜੂਦ ਤਕਨੀਕੀ ਕਾਰਨਾਂ ਕਰਕੇ ਅਜੇ ਤੱਕ ਬ੍ਰਿਜ ਦੀ ਉਸਾਰੀ ਆਰੰਭ ਵੀ ਨਹੀਂ ਕਰਵਾਈ ਗਈ। ਓਵਰਬ੍ਰਿਜ ਉਸਾਰੀ ਅਧੀਨ ਹੋਣ ਕਾਰਨ ਇਸ ਖੇਤਰ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਦਾ ਪੁਰਾਣੇ ਬੱਸ ਅੱਡਾ ਨੇੜਲੇ ਬਾਜ਼ਾਰਾਂ ਵਿੱਚ ਆਉਣਾ-ਜਾਣਾ ਲਗਭਗ ਬੰਦ ਹੋ ਗਿਆ ਹੈ।
ਮਹਿੰਦਰਗੰਜ ਬਾਜ਼ਾਰ ਸਮੇਤ ਹੋਰਨਾਂ ਕਾਰੋਬਾਰੀਆਂ ਨੇ ਦੱਸਿਆ ਕਿ ਓਵਰ ਬ੍ਰਿਜ ਦੀ ਉਸਾਰੀ ਲਮਕਣ ਕਾਰਨ ਉਨ੍ਹਾਂ ਦਾ ਕਾਰੋਬਾਰ ਸਿਮਟ ਕੇ ਕੇਵਲ 20 ਫੀਸਦੀ ਰਹਿ ਗਿਆ ਹੈ। ਦੱਸਣਯੋਗ ਹੈ ਕਿ ਓਵਰਬ੍ਰਿਜ ਦੀ ਉਸਾਰੀ ਆਰੰਭ ਕਰਵਾਉਣ ਦੀ ਮੰਗ ਨੂੰ ਲੈ ਕੇ ਲੰਘੇ ਦਿਨੀਂ ਭਾਜਪਾ ਆਗੂ ਜਗਦੀਸ਼ ਕੁਮਾਰ ਜੱਗਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਸੋਹਨ ਸਿੰਘ, ਵੇਦ ਪ੍ਰਕਾਸ਼, ਟੋਨੀ ਧਵਨ ਅਤੇ ਲਵਲੀ ਮੈਨਰੋ ਸਮੇਤ ਹੋਰਨਾਂ ਦੁਕਾਨਦਾਰਾਂ ’ਤੇ ਅਧਾਰਿਤ ਇੱਕ ਵਫ਼ਦ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੂੰ ਮਿਲਿਆ ਜਿਸ ’ਤੇ ਉਨ੍ਹਾਂ ਵੱਲੋਂ ਇਹ ਮਾਮਲਾ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਕੋਲ ਚੁੱਕੇ ਜਾਣ ’ਤੇ ਲੰਘੇ ਕੱਲ੍ਹ ਉਕਤ ਓਵਰਬ੍ਰਿਜ ਦੀ ਉਸਾਰੀ ਮੁੜ ਆਰੰਭ ਹੋ ਸਕੀ। ਇਸ ਦੌਰਾਨ ਉਸਾਰੀ ਕੰਪਨੀ ਦੇ ਅਧਿਕਾਰੀ ਨੇ ਦੱਸਿਆ ਕਿ ਰੇਲਵੇ ਲਾਈਨ ਦੇ ਦੋਵੇਂ ਪਾਸੇ ਜ਼ਮੀਨੀ ਪੱਧਰ ਤੋਂ 24 ਫੁੱਟ ਡੂੰਘੀ ਨੀਂਹ ਦੀ ਪੁਟਾਈ ਆਰੰਭ ਹੋ ਗਈ ਹੈ ਜਿੱਥੇ ਚਾਰ ਪਿੱਲਰਾਂ ਦੀ ਉਸਾਰੀ ਹੋਣੀ ਹੈ। ਇਸ ਸਾਲ ਦੇ ਅੰਤ ਤੱਕ ਓਵਰਬ੍ਰਿਜ ਦੀ ਉਸਾਰੀ ਮੁਕੰਮਲ ਹੋ ਜਾਵੇਗੀ।