ਜੈਸਮੀਨ ਭਾਰਦਵਾਜ
ਨਾਭਾ, 10 ਅਕਤੂਬਰ
ਕਈ ਮਹੀਨਿਆਂ ਤੋਂ ਲਟਕ ਰਹੇ ਪਿੰਡ ਕਨਸੂਹਾ ਖੁਰਦ ਦੀ ਰਾਖਵੀਂ ਸ਼ਾਮਲਾਟ ਦੇ ਮਾਮਲੇ ਵਿੱਚ ਅੱਜ ਦਲਿਤ ਵਿਅਕਤੀ ਅਤੇ ਉਸ ਦੇ ਹਮਾਇਤੀਆਂ ਨੂੰ ਥਾਣੇ ਤਲਬ ਕੀਤਾ ਗਿਆ। ਜ਼ਮੀਨ ਦੀ ਬੋਲੀ ਦੇਣ ਵਾਲੇ ਮੁਖਤਿਆਰ ਸਿੰਘ ਮੁਤਾਬਕ ਸਰਪੰਚ ਦੇ ਪਤੀ ਵੱਲੋਂ ਕੰਬਾਈਨ ਲਿਆ ਕੇ ਆਪਣੀ ਜ਼ਮੀਨ ਦੀ ਫਸਲ ਵੱਢਣ ਤੋਂ ਬਾਅਦ ਸ਼ਾਮਲਾਟ ਦੀ ਫਸਲ ਵੱਢਣ ਦਾ ਯਤਨ ਕੀਤਾ ਗਿਆ, ਜਦੋਂ ਪਿੰਡ ਵਾਸੀਆਂ ਨੇ ਕੰਬਾਈਨ ਵਾਲੇ ਨੂੰ ਰੋਕਿਆ ਤਾਂ ਦਲਿਤ ਅਤੇ ਉਸ ਦੇ ਸਾਥੀਆਂ ਨੂੰ ਥਾਣੇ ਆਉਣ ਲਈ ਕਿਹਾ ਗਿਆ। ਪੁਲੀਸ ਦੇ ਕੁਝ ਮੁਲਾਜ਼ਮਾਂ ਦੇ ਪਿੰਡ ਪਹੁੰਚਣ ‘ਤੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਨਾਲ ਦਲੀਲ ਕਰਦੇ ਸਮੇਂ ਵੀਡੀਓ ਬਣਾਈ ਗਈ ਜਿਸ ਦਾ ਪੁਲੀਸ ਮੁਲਾਜ਼ਮ ਇਤਰਾਜ਼ ਕਰਦੇ ਦਿਖਾਈ ਦਿੱਤੇ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਲਗਾਤਾਰ ਧਰਨੇ ਦੇਣ ਦੇ ਬਾਵਜੂਦ ਕੋਈ ਫੈਸਲਾ ਨਾ ਲੈਣ ‘ਤੇ ਪਿਛਲੀ ਦਿਨੀਂ ਪਿੰਡ ਦੇ ਜ਼ਿਮੀਂਦਾਰ ਭਾਈਚਾਰੇ ਵੱਲੋਂ ਵੀ ਪ੍ਰਸ਼ਾਸਨ ਉੱਪਰ ਜਾਤੀ ਪਾੜਾ ਖੜਾ ਕਰਨ ਦਾ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਬਣੀ ਵੱਖ ਵੱਖ ਜਥੇਬੰਦੀਆਂ ਦੀ ਐਕਸ਼ਨ ਕਮੇਟੀ ਵੱਲੋਂ ਮੰਗਲਵਾਰ ਨੂੰ ਵੱਡੇ ਧਰਨੇ ਦਾ ਐਲਾਨ ਕੀਤਾ ਗਿਆ ਹੈ।
ਮਗਨਰੇਗਾ ਫਰੰਟ ਦੇ ਆਗੂ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਮਾਮਲਾ ਲਟਕਾਉਣ ਕਾਰਨ ਪਿੰਡ ਵਾਸੀਆਂ ਨੂੰ ਫਸਲ ਦੀ ਰਾਖੀ ਲਈ ਪਹਿਰਾ ਦੇਣਾ ਪੈ ਰਿਹਾ ਹੈ ਅਤੇ ਪਿੰਡ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਸਬੰਧੀ ਚਾਰ ਮਹੀਨੇ ਦੀ ਅਰਜ਼ੀਆਂ ਦੇ ਬਾਵਜੂਦ ਪੁਲੀਸ ਉਨ੍ਹਾਂ ਦਾ ਹੱਕ ਦੀ ਰਾਖੀ ਲਈ ਪਿੰਡ ਨਾ ਆਈ ਪਰ ਅੱਜ ਕਾਂਗਰਸੀ ਸਰਪੰਚ ਦੀ ਹਮਾਇਤ ’ਚ ਸਾਨੂੰ ਦਬਸ਼ ਦਿੱਤੀ ਜਾ ਰਹੀ ਹੈ।
ਥਾਣਾ ਮੁਖੀ ਅੰਮ੍ਰਿਤਵੀਰ ਸਿੰਘ ਨੇ ਦੱਸਿਆ ਕਿ ਸਰਪੰਚ ਵੱਲੋਂ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਫਸਲ ਵੱਢਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਪਿੰਡ ਵਿੱਚ ਅਮਨ-ਸ਼ਾਂਤੀ ਲਈ ਹੀ ਮੁਲਾਜ਼ਮ ਪਿੰਡ ਵਿੱਚ ਗਏ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਨੂੰ ਥਾਣੇ ਸੱਦਿਆ ਗਿਆ ਹੈ। ਨਾਭਾ ਦੇ ਡੀਐੱਸਪੀ ਰਾਜੇਸ਼ ਛਿੱਬਰ ਨੇ ਪੁਲੀਸ ਨੂੰ ਕਾਰਵਾਈ ਤੋਂ ਰੋਕਦਿਆਂ ਹਦਾਇਤ ਕੀਤੀ ਕਿ ਮਾਲ ਵਿਭਾਗ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਦੀ ਹਾਜ਼ਰੀ ਤੋਂ ਬਿਨਾਂ ਕਿਸੇ ਵੀ ਪੱਖ ਦੀ ਫਸਲ ਵੱਢਣ ਵਿੱਚ ਮਦਦ ਨਾ ਕੀਤੀ ਜਾਵੇ। ਬੀਡੀਪੀਓ ਸੁਰਿੰਦਰ ਧਾਲੀਵਾਲ ਮੁਤਾਬਕ ਸ਼ਾਮਲਾਟ ਵਿੱਚੋਂ ਫਸਲ ਵੱਢਣ ਵਾਲੇ ਖ਼ਿਲਾਫ਼ ਕੇਸ ਦਰਜ ਹੋਵੇਗਾ ਕਿਉਂਕਿ ਉਨ੍ਹਾਂ ਵੱਲੋਂ ਅਜੇ ਫੈਸਲਾ ਲੰਬਿਤ ਹੈ। ਪਿੰਡ ਵਾਸੀ ਹੁਣ ਇਸ ਮਾਮਲੇ ਵਿੱਚ ਅਮਨ ਦੀ ਸਥਿਤੀ ਨੂੰ ਖਤਰਾ ਦੇਖਦਿਆਂ ਗ੍ਰਾਮ ਸਭਾ ਬੁਲਾਉਣ ਬਾਰੇ ਵਿਚਾਰ ਕਰ ਰਹੇ ਹਨ ਜਿਸ ਵਿੱਚ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤਲਬ ਕਰਕੇ ਜਵਾਬਦੇਹ ਬਣਾਇਆ ਜਾਵੇਗਾ।