ਜੈਸਮੀਨ ਭਾਰਦਵਾਜ
ਨਾਭਾ, 27 ਅਕਤੂਬਰ
ਨੇੜਲੇ ਪਿੰਡ ਕਨਸੂਹਾ ਖੁਰਦ ਵਿਖੇ ਚੱਲ ਰਹੇ ਰਾਖਵੀਂ ਜ਼ਮੀਨ ਮਾਮਲੇ ਵਿਚ ਦਲਿਤ ਮੁਖਤਿਆਰ ਸਿੰਘ, ਉਸ ਦੇ ਪੰਜ ਹਮਾਇਤੀ ਅਤੇ ਦੂਜੀ ਧਿਰ ਕਾਂਗਰਸੀ ਸਰਪੰਚ ਦੇ ਪਤੀ ਦਿਲਵਰ ਸਿੰਘ ਅਤੇ ਪੰਜ ਹੋਰਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਕੇ ਅੱਜ ਐੱਸਡੀਐੱਮ ਦੀ ਅਦਾਲਤ ਵਿਚ ਪੇਸ਼ ਹੋਣ ਦਾ ਨਿਰਦੇਸ਼ ਕੀਤਾ ਗਿਆ ਸੀ ਪਰ ਦਿਲਵਰ ਸਿੰਘ ਅਤੇ ਉਸ ਦੇ ਸਾਥੀ ਅੱਜ ਪੇਸ਼ ਹੀ ਨਾ ਹੋਏ ਅਤੇ ਮੁਖਤਿਆਰ ਸਿੰਘ ਹੋਰਾਂ ਨੂੰ ਆਪਣਾ ਬਿਆਨ ਦਰਜ ਕਰਾਉਣ ਤੋਂ ਪਹਿਲਾਂ ਜ਼ਮਾਨਤ ਕਰਾਉਣ ਲਈ ਕਿਹਾ ਗਿਆ। ਜਦੋਂ ਮੁਖਤਿਆਰ ਸਿੰਘ ਹੋਰਾਂ ਵੱਲੋ ਵਿਰੋਧ ਦੇ ਤੌਰ ‘ਤੇ ਜ਼ਮਾਨਤ ਕਰਾਉਣ ਤੋਂ ਇਨਕਾਰ ਕਰਦੇ ਹੋਏ ਜੇਲ੍ਹ ਭੇਜੇ ਜਾਣ ਦੀ ਪੇਸ਼ਕਸ਼ ਕੀਤੀ ਗਈ ਤਾਂ ਉਨ੍ਹਾਂ ਦੀ ਹਾਜ਼ਰੀ ਲਗਵਾ ਕੇ ਅਗਲੀ ਤਾਰੀਖ ਦੇ ਦਿੱਤੀ ਗਈ। ਐੱਸਡੀਐੱਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਪੇਸ਼ ਨਾ ਹੋਣ ਵਾਲੀ ਧਿਰ ਖ਼ਿਲਾਫ਼ ਨਵੇਂ ਸੰਮਨ ਜਾਰੀ ਕਰ ਦਿੱਤੇ ਗਏ ਹਨ ਅਤੇ ਵਿਵਾਦਤ ਜ਼ਮੀਨ ਉੱਪਰ ਨਾਇਬ ਤਹਿਸੀਲਦਾਰ ਭਾਦਸੋਂ ਨੂੰ ਰਿਸੀਵਰ ਨਿਯੁਕਤ ਕੀਤਾ ਗਿਆ ਹੈ। ਇਸ ਮਾਮਲੇ ਵਿਚ ਪਿੰਡ ਵੱਲੋਂ 28 ਅਕਤੂਬਰ ਨੂੰ ਗ੍ਰਾਮ ਸਭਾ ਦਾ ਇਜਲਾਸ ਵੀ ਸੱਦਿਆ ਹੋਇਆ ਹੈ ਜਿਸ ਵਿਚ ਪ੍ਰਸ਼ਾਸਨ ਨੂੰ ਰਿਕਾਰਡ ਸਮੇਤ ਆਉਣ ਲਈ ਕਿਹਾ ਗਿਆ ਹੈ। ਜ਼ਿਕਰਯੋਗ ਹੈ ਕਿ ਦਲਿਤ ਮੁਖਤਿਆਰ ਸਿੰਘ ਦਾ ਦੋਸ਼ ਹੈ ਕਿ ਉਸ ਵੱਲੋਂ ਬੋਲੀ ਦੇ ਕੇ ਹਾਸਲ ਕੀਤੀ ਰਾਖਵੀਂ ਸ਼ਾਮਲਾਤ ਉੱਪਰ ਸਰਪੰਚ ਦਾ ਪਤੀ ਦਿਲਵਰ ਸਿੰਘ ਹੀ ਕਾਸ਼ਤ ਕਰ ਰਿਹਾ ਹੈ ਅਤੇ ਇਸ ਸਬੰਧੀ ਉਸ ਦੀਆਂ ਸ਼ਿਕਾਇਤਾਂ ਨੂੰ ਪੰਜ ਮਹੀਨਿਆਂ ਤੋਂ ਕਾਗਜ਼ੀ ਖੇਡ ਵਿਚ ਰੋਲਿਆ ਜਾ ਰਿਹਾ ਹੈ।