ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੱਖਣੀ ਕੈਂਪਸ, ਤਲਵੰਡੀ ਸਾਬੋ ਦਾ ਪੁਨਰਗਠਨ ਕਰ ਕੇ ਨਵੇਂ ਵਿਭਾਗ ਬਣਾਏ ਗਏ ਹਨ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਨ੍ਹਾਂ ਵਿਭਾਗਾਂ ਦਾ ਨਾਮਕਰਨ ਗੁਰੂ ਕਾਸ਼ੀ ਡਿਪਾਰਟਮੈਂਟ ਆਫ਼ ਸੋਸ਼ਲ ਸਾਇੰਸਜ਼, ਗੁਰੂ ਕਾਸ਼ੀ ਡਿਪਾਰਟਮੈਂਟ ਆਫ਼ ਲੈਗੂਏਜਿਜ਼, ਯਾਦਵਿੰਦਰਾ ਡਿਪਾਰਟਮੈਂਟ ਆਫ਼ ਸਾਇੰਸਜ਼, ਯਾਦਵਿੰਦਰਾ ਡਿਪਾਰਟਮੈਂਟ ਆਫ਼ ਇੰਜੀਨੀਅਰਿੰਗ ਅਤੇ ਬਿਜ਼ਨਸ ਸਟੱਡੀਜ਼ ਵਿਭਾਗ ਵਜੋਂ ਹੋਇਆ ਹੈ। ਇਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਵਾਈਸ-ਚਾਂਸਲਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੱਖਣੀ ਕੈਂਪਸ ਦੇ ਡਾਇਰੈਕਟਰ ਪ੍ਰੋ. ਗੁਰਸ਼ਰਨ ਸਿੰਘ ਰੰਧਾਵਾ ਦੀ ਮੌਜੂਦਗੀ ਵਿੱਚ ਜ਼ਿੰਮੇਵਾਰੀ ਸੌਂਪੀ ਗਈ। ਇਹ ਮੁਖੀ ਕ੍ਰਮਵਾਰ ਅਮਨਦੀਪ ਸਿੰਘ ਸੇਖੋਂ, ਡਾ. ਸੁਸ਼ੀਲ ਕੁਮਾਰ, ਡਾ. ਅੰਜੂ ਸੈਣੀ, ਡਾ. ਜਗਤਾਰ ਸਿੰਘ ਅਤੇ ਡਾ. ਅਨੰਦ ਬਾਂਸਲ ਹਨ। ਉਨ੍ਹਾਂ ਵੱਲੋਂ ਤਲਵੰਡੀ ਸਾਬੋ ਕੈਂਪਸ ਵਿੱਚ ਕਿਤਾਬ ਘਰ ਅਤੇ ਆਰਟਸ ਸਟੂਡੀਓ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੱਖਣੀ ਕੈਂਪਸ, ਤਲਵੰਡੀ ਸਾਬੋ ਦੇ ਡਾਇਰੈਕਟਰ ਪ੍ਰੋ. ਗੁਰਸ਼ਰਨ ਸਿੰਘ ਵੱਲੋਂ ਇਸ ਮੌਕੇ ਸਾਰੇ ਨਵੇਂ ਮੁਖੀਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।