ਰਵੇਲ ਸਿੰਘ ਭਿੰਡਰ
ਪਟਿਆਲਾ, 21 ਦਸੰਬਰ
ਪੰਜਾਬ ਅਤੇ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੇ ਦਰਮਿਆਨ ਸ਼ਹੀਦ ਹੋਏ ਤਿੰਨ ਦਰਜਨ ਤੋਂ ਵੱਧ ਕਿਸਾਨਾਂ ਦੀ ਕੁਰਬਾਨੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਅਤੇ ਮੋਮਬੱਤੀ ਮਾਰਚ ਅੱਜ ਨਹਿਰੂ ਪਾਰਕ ਤੋਂ ਚੱਲ ਕੇ ਬੱਸ ਸਟੈਂਡ ਚੌਂਕ ਵਿੱਚ ਖ਼ਤਮ ਹੋਇਆ। ਪ੍ਰਗਤੀਸ਼ੀਲ ਲੇਖਕ ਸੰਘ ਦੀ ਪਹਿਲਕਦਮੀ ’ਤੇ 150 ਦੇ ਕਰੀਬ ਲੇਖਕਾਂ, ਅਧਿਆਪਕ ਅਤੇ ਹੋਰ ਚਿੰਤਨਸ਼ੀਲ ਸੰਗਠਨਾਂ ਦਾ ਕਾਫ਼ਲਾ ਅੱਜ ਨਹਿਰੂ ਪਾਰਕ ਵਿਚ ਇਕੱਤਰ ਹੋਇਆ, ਜਿਸ ਵਿਚ ਪ੍ਰਗਤੀਸ਼ੀਲ ਲੇਖਕ ਸੰਘ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਅਕਾਦਮੀ ਲੁਧਿਆਣਾ, ਅਦਾਰਾ ਪਰਵਾਜ਼, ਤ੍ਰਿਵੈਣੀ ਪਰਿਸ਼ਦ, ਗਿਆਨਦੀਪ ਸਾਧਨਾ ਮੰਚ, ਪੰਜਾਬੀ ਸਾਹਿਤ ਸਭਾ ਪਟਿਆਲਾ, ਚਿੰਤਨ ਮੰਚ ਪਟਿਆਲਾ, ਜਮਹੂਰੀ ਅਧਿਕਾਰ ਸਭਾ ਪਟਿਆਲਾ, ਤਰਕਸ਼ੀਲ ਸੁਸਾਇਟੀ, ਬਾਣੀ ਵਿਚਾਰ ਮੰਚ ਪਟਿਆਲਾ, ਗੌਰਮਿੰਟ ਟੀਚਰ ਯੂਨੀਅਨ, ਡੈਮੋਕ੍ਰੈਟਿਕ ਟੀਚਰਜ਼ ਫਰੰਟ, ਇਸਤਰੀ ਜਾਗਿ੍ਰਤੀ ਮੰਚ, ਕਰਤਾਰ ਸਿੰਘ ਸਰਾਭਾ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੀਪਲਜ਼ ਆਰਟ ਪਟਿਆਲਾ, ਜੌਬਨ ਓਪਨ ਏਅਰ ਥੀਏਟਰ ਪਟਿਆਲਾ, ਮੀਡੀਆ ਵੈਲਫੇਅਰ ਐਸੋਸੀਏਸ਼ਨ ਪਟਿਆਲਾ, ਪੰਜਾਬੀ ਯੂਨੀਵਰਸਿਟੀ ਟੀਚਰਜ਼ ਫਰੰਟ, ਅਪਣੱਤ ਸੋਸ਼ਲ ਸੁਸਾਇਟੀ ਪਟਿਆਲਾ, ਪੰਜਾਬ ਸਟੂਡੈਂਟ ਯੂਨੀਅਨ, ਕੰਪਿਉਟਰ ਅਧਿਆਪਕ ਕਮੇਟੀ, ਡੈਮੋਕਰੇਟਿਕ ਲਾਇਰ ਐਸੋਸੀਏਸ਼ਨ, ਉਚ ਯੋਗਤਾ ਪ੍ਰਾਪਤ ਲਇਬਰੇਰੀ ਯੂਨੀਅਨ ਆਦਿ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਪ੍ਰੋਗਰਾਮ ਦਾ ਆਗਾਜ਼ ਪੀਪਲਜ਼ ਆਰਟ ਪਟਿਆਲਾ ਵੱਲੋਂ ਸਤਪਾਲ ਦੀ ਨਿਰਦੇਸ਼ਨਾ ਹੇਠ ‘ਇਹ ਜ਼ਮੀਨ ਸਾਡੀ ਹੈ’ ਨੁੱਕੜ ਨਾਟਕ ਦੀ ਪੇਸ਼ਕਾਰੀ ਨਾਲ ਹੋਇਆ। ਬੁਲਾਰਿਆਂ ਵਿੱਚੋਂ ਪ੍ਰੋ. ਬਾਵਾ, ਪ੍ਰੋ. ਅਜਾਇਬ ਸਿੰਘ ਟਿਵਾਣਾ, ਪ੍ਰੋ. ਜਸਵਿੰਦਰ ਸਿੰਘ, ਡਾ. ਸੁਰਜੀਤ ਸਿੰਘ, ਦਰਸ਼ਨ ਬੁੱਟਰ, ਦਰਸ਼ਨ ਬੇਲੂਮਾਜਰਾ, ਰਣਜੀਤ ਸਿੰਘ, ਹਰਿੰਦਰ ਸਿੰਘ ਅਤੇ ਲਾਲ ਚੰਦ ਸਿਰਸੀਵਾਲਾ ਨੇ ਵੀ ਆਪਣੇ ਵਿਚਾਰ ਰੱਖੇ। ਮੰਚ ਸੰਚਾਲਨ ਦੀ ਭੂਮਿਕਾ ਡਾ. ਕੁਲਦੀਪ ਸਿੰਘ ਦੀਪ ਨੇ ਨਿਭਾਈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 16606 ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ। ਇਸ ਤੋਂ ਬਾਅਦ ਨਹਿਰੂ ਪਾਰਕ ਤੋਂ ਬਸ ਸਟੈਂਡ ਦੇ ਮੇਨ ਚੌਂਕ ਤੱਕ ਮੋਮਬਤੀ ਮਾਰਚ ਕੀਤਾ ਗਿਆ। ਮੇਨ ਚੌਕ ਵਿੱਚ ਡਾ. ਅਰਵਿੰਦਰ ਕੌਰ ਕਾਕੜਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਲਈ ਅਰਦਾਸ
ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਨੇੜਲੇ ਪਿੰਡ ਬਹਾਦਰਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਥੇ ਦਿੱਲੀ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਬੋਧਨ ਕੀਤਾ। ਸਮਾਗਮ ਦੌਰਾਨ ਦਿੱਲੀ ਸੰਘਰਸ਼ ਦੌਰਾਨ ਲੜਾਈ ਲੜਦਿਆਂ ਸ਼ਹੀਦ ਹੋਣ ਵਾਲੇ ਕਿਰਤੀ ਸੰਘਰਸ਼ੀ ਯੋਧਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਇਸ ਮੌਕੇ ਜਥੇਦਾਰ ਉਦੇ ਸਿੰਘ ਲੌਂਗੋਵਾਲ, ਦਰਸ਼ਨ ਸਿੰਘ ਲੌਂਗੋਵਾਲ, ਰਘਬੀਰ ਸਿੰਘ ਸਰਕਲ ਪ੍ਰਧਾਨ, ਡਾ. ਗੁਰਮੇਲ ਸਿੰਘ, ਦਲ ਸਿੰਘ ਸਾਬਕਾ ਸਰਪੰਚ, ਅਜੈਬ ਸਿੰਘ ਪ੍ਰਧਾਨ, ਬਲਵੀਰ ਸਿੰਘ ਸੈਕਟਰੀ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਸ਼ਨ ਸਿੰਘ ਨੰਬਰਦਾਰ ਤੇ ਹੋਰ ਪਤਵੰਤੇ ਹਾਜ਼ਰ ਸਨ।