ਪੱਤਰ ਪ੍ਰੇਰਕ
ਪਾਤੜਾਂ, 25 ਅਪਰੈਲ
ਦਿੱਲੀ-ਸੰਗਰੂਰ ਅਤੇ ਹਿਸਾਰ ਰੋਡ ’ਤੇ ਪੈਂਦੇ ਸ਼ਹਿਰ ਪਾਤੜਾਂ ਦੇ ਜਾਖਲ ਰੋਡ ਉਤੇ ਪੀਡਬਲਯੂਡੀ ਵੱਲੋਂ ਲਗਾਇਆ ਗਿਆ, ਸਾਈਨ ਬੋਰਡ ਟੁੱਟ ਚੁੱਕਾ ਹੈ, ਜੋ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ ਪਰ ਵਿਭਾਗ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸ਼ਹਿਰ ਦੇ ਜਾਖਲ ਰੋਡ ਉੱਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਤੋਂ ਕਰੀਬ ਦੋ ਸੌ ਮੀਟਰ ਦੂਰ ਲਗਾਇਆ ਗਿਆ, ਸਾਈਨ ਬੋਰਡ ਦਾ ਇੱਕ ਪਾਸਾ ਕਾਫੀ ਸਮਾਂ ਪਹਿਲਾਂ ਟੁੱਟ ਕੇ ਹੇਠਾਂ ਜਾ ਡਿੱਗਾ ਸੀ, ਜਿਸ ਦੀ ਹਾਲੇ ਤੱਕ ਕੋਈ ਮੁਰੰਮਤ ਨਹੀਂ ਕੀਤੀ ਗਈ। ਸਾਈਨ ਬੋਰਡ ਦੇ ਦੂਸਰੇ ਪਾਸੇ ਦਾ ਕੁਝ ਹਿੱਸਾ ਵੀ ਟੁੱਟ ਕੇ ਹੇਠਾਂ ਲਟਕ ਚੁੱਕਾ ਹੈ। ਤੇਜ਼ ਹਵਾ ਅਤੇ ਹਨੇਰੀਆਂ ਦੇ ਮੌਸਮ ਦੌਰਾਨ ਬੋਰਡ ਦਾ ਟੁੱਟਾ ਹੋਇਆ, ਇਹ ਹਿੱਸਾ ਕਿਸੇ ਵੀ ਸਮੇਂ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਿ ਬੋਰਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਇਸ ਮਾਮਲੇ ਸਬੰਧੀ ਪੀਡਬਲਯੂਡੀ ਦੇ ਐੱਸਡੀਓ ਸਤਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਅਤੇ ਬੋਰਡ ਦੇ ਲਟਕੇ ਹੋਏ ਹਿੱਸੇ ਨੂੰ ਸੰਭਾਲਣ ਲਈ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।