ਖੇਤਰੀ ਪ੍ਰਤੀਨਿਧ
ਪਟਿਆਲਾ, 5 ਅਕਤੂਬਰ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਦੇ ਚਰਨ ਛੋਹ ਅਸਥਾਨ ਇਤਿਹਾਸਕ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰੂ ਤੇਗ ਬਹਾਦਰ ਸੇਵਾ ਜਥਾ ਵੱਲੋਂ ਸਾਂਝੇ ਤੌਰ ’ਤੇ ਗੁਰੂ ਜੀ ਦੇ ਆਗਮਨ ਪੁਰਬ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਗਾਇਆ ਗਿਆ। ਗੁਰਦੁਆਰਾ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਮੁਕਤਸਰੀ ਅਤੇ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਮੈਨੇਜਰ ਇੰਦਰਜੀਤ ਸਿੰਘ ਗਿੱਲ ਦੀ ਦੇਖ-ਰੇਖ ਵਿੱਚ ਹੋਏ ਸਮਗਾਮ ਦੌਰਾਨ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ, ਭਾਈ ਬਲਬੀਰ ਸਿੰਘ ਚੰਡੀਗੜ੍ਹ ਵਾਲੇ, ਭਾਈ ਹਰਜੋਤ ਸਿੰਘ ਤੇ ਭਾਈ ਜਸਵਿੰਦਰ ਸਿੰਘ ਦਿੱਲੀ ਵਾਲਿਆਂ ਨੇ ਕੀਰਤਨ ਕੀਤਾ। ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸਿਆ। ਗੁਰੂ ਤੇਗ ਬਹਾਦਰ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦੀ ਦੇਣ ਤੋਂ ਪਹਿਲਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ, ਭਾਈ ਗੁਰਦਿੱਤਾ ਅਤੇ ਭਾਈ ਉਦਾ ਰਾਠੌਰ ਸਮੇਤ ਆਪਣੇ ਮੁਰੀਦ ਸੈਫ ਅਲੀ ਖਾਂ ਦੇ ਪ੍ਰੇਮ ਕਾਰਨ 16 ਹਾੜ ਨੂੰ ਗੁਰਦੁਆਰਾ ਬਹਾਦਰ ਸਾਹਿਬ ਤੋਂ ਹੁੰਦੇ ਹੋਏ ਗੁਰਦੁਆਰਾ ਮੋਤੀ ਬਾਗ ਸਾਹਿਬ 17 ਅੱਸੂ ਨੂੰ ਇਸ ਅਸਥਾਨ ’ਤੇ ਚਰਨ ਪਾਏ।