ਪੱਤਰ ਪ੍ਰੇਰਕ
ਪਟਿਆਲਾ, 10 ਅਪਰੈਲ
ਅੱਜ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਉੱਘੇ ਲੇਖਕ ਬਾਬੂ ਸਿੰਘ ਰੈਹਲ ਦੀ ਵਾਰਤਕ ਪੁਸਤਕ ‘ਨਿੱਘੀਆਂ ਯਾਦਾਂ ਦੇ ਸਿਰਨਾਵੇਂ’ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਸਿੱਧ ਵਿਦਵਾਨ ਡਾ. ਤ੍ਰਿਲੋਕ ਸਿੰਘ ਆਨੰਦ, ਲੇਖਿਕਾ ਪਰਮਜੀਤ ਕੌਰ ਸਰਹਿੰਦ, ਸ਼੍ਰੋਮਣੀ ਸਾਹਿਤਕਾਰ ਡਾ. ਅਮਰ ਕੋਮਲ, ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਅਤੇ ਆਲੋਚਕ ਅਤੇ ਕਵੀ ਡਾ. ਸੁਰਜੀਤ ਸਿੰਘ ਖ਼ੁਰਮਾ ਸ਼ਾਮਲ ਹੋਏ। ਬਾਬੂ ਸਿੰਘ ਰੈਹਲ ਦੀ ਪੁਸਤਕ ਉਪਰ ਮੁੱਖ ਪਰਚਾ ਪੜ੍ਹਦਿਆਂ ਡਾ. ਸੁਰਜੀਤ ਸਿੰਘ ਖ਼ੁਰਮਾ ਨੇ ਕਿਹਾ ਕਿ ਰੈਹਲ ਕੋਲ ਸਫ਼ਰਨਾਮਿਆਂ ਨੂੰ ਵਾਰਤਕ ਕਲਾ ਰਾਹੀਂ ਦਿਲਚਸਪ ਵਿਧੀ ਨਾਲ ਪੇਸ਼ ਕਰਨ ਦਾ ਹੁਨਰ ਹੈ ਜਿਸ ਕਰਕੇ ਉਸ ਦੀ ਸ਼ੈਲੀ ਆਕਰਸ਼ਣ ਪੈਦਾ ਕਰਦੀ ਹੈ। ਡਾ. ਤ੍ਰਿਲੋਕ ਸਿੰਘ ਆਨੰਦ ਨੇ ਕਿਹਾ ਕਿ ਸਭਾ ਦੇ ਅਜਿਹੇ ਸਮਾਗਮ ਨਿੱਗਰ ਸਮਾਜ ਦੀ ਸਿਰਜਣਾ ਕਰਨ ਵਿਚ ਮਦਦਗਾਰ ਬਣਦੇ ਹਨ। ਪਰਮਜੀਤ ਕੌਰ ਸਰਹਿੰਦ ਅਤੇ ਡਾ. ਅਮਰ ਕੋਮਲ ਨੇ ਇਸ ਪੁਸਤਕ ਨੂੰ ਸਾਧਾਰਨ ਪਾਠਕਾਂ ਲਈ ਵਿਸ਼ੇਸ਼ ਪ੍ਰਾਪਤੀ ਆਖਿਆ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸਟ ਨੇ ਐਲਾਨ ਕੀਤਾ ਕਿ ਸਭਾ ਵੱਲੋਂ ਭਵਿੱਖ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਲਈ ਵਿਸ਼ਾਲ ਸਮਾਗਮ ਕਰਵਾਏ ਜਾਣਗੇ।