ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 21 ਮਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਪ੍ਰੋ.ਅਰਵਿੰਦ ਵੱਲੋਂ ਡੀਨ ਖੋਜ ਪ੍ਰੋ. ਜੀਐੱਸ.ਬਤਰਾ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਪ੍ਰੋ. ਵਿਸ਼ਾਲ ਗੋਇਲ ਵੱਲੋਂ ਸਾਂਝੇ ਰੂਪ ਵਿਚ ਸੰਪਾਦਿਤ ਪੁਸਤਕ ‘ਰਿਸਰਚ ਐਂਡ ਪਬਲੀਕੇਸ਼ਨ ਐਥਿਕਸ’ ਨੂੰ ਰਿਲੀਜ਼ ਕੀਤਾ ਗਿਆ। ਪ੍ਰੋ. ਅਰਵਿੰਦ ਵੱਲੋਂ ਖੋਜ ਨਾਲ ਸਬੰਧਤ ਧਾਰਨਾਵਾਂ ਅਤੇ ਨੈਤਿਕਤਾ ਨੂੰ ਇਕ ਕਿਤਾਬ ਰੂਪ ਵਿਚ ਲਿਆਉਣ ਲਈ ਕੀਤੇ ਯਤਨਾਂ ਲਈ ਇਸ ਪ੍ਰਕਾਸ਼ਨ ਹਿਤ ਦੋਹਾਂ ਸੰਪਾਦਕਾਂ ਨੂੰ ਵਧਾਈ ਦਿੱਤੀ।ਡਾ. ਜੀਐੱਸ ਬਤਰਾ ਅਤੇ ਡਾ. ਵਿਸ਼ਾਲ ਗੋਇਲ ਨੇ ਦੱਸਿਆ ਕਿ ਇਸ ਪੁਸਤਕ ਵਿਚ ਪੰਜਾਬ ਦੇ ਵੱਖ-ਵੱਖ ਅਦਾਰਿਆਂ ਵਿੱਚ ਕੰਮ ਕਰ ਰਹੇ ਗਿਆਰਾਂ ਲੇਖਕਾਂ ਵੱਲੋਂ ਫਿਲਾਸਫੀ ਅਤੇ ਨੈਤਿਕਤਾ, ਵਿਗਿਆਨਕ ਆਚਰਣ, ਪਬਲੀਕੇਸ਼ਨ ਨੈਤਿਕਤਾ, ਖੋਜ, ਹਵਾਲਾ ਅਤੇ ਖੋਜ ਮੈਟ੍ਰਿਕਸ ਵਰਗੇ ਵਿਸ਼ਿਆਂ ਉੱਪਰ ਲਿਖ ਕੇ ਕਿਤਾਬ ਦੇ ਅਧਿਆਇਆਂ ਵਿੱਚ ਯੋਗਦਾਨ ਪਾਇਆ ਗਿਆ ਹੈ। ਇਸ ਪੁਸਤਕ ਦਾ ਮੁੱਖਬੰਧ ਡਾ. ਅਮਰੇਂਦਰ ਪਾਨੀ, ਸੰਯੁਕਤ ਡਾਇਰੈਕਟਰ ਅਤੇ ਡਾਇਰੈਕਟਰ ਇੰਚਾਰਜ, ਰਿਸਰਚ ਐਸੋਸੀਏਸਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਨਵੀਂ ਦਿੱਲੀ ਅਤੇ ਆਂਧਰਾ ਯੂਨੀਵਰਸਿਟੀ, ਵਿਸ਼ਾਖਾਪਟਨਮ ਦੇ ਉਪ ਕੁਲਪਤੀ ਪ੍ਰੋ. ਪੀਵੀਜੀਡੀ ਪ੍ਰਸਾਦ ਰੈਡੀ ਵੱਲੋਂ ਲਿਖਿਆ ਗਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਪੁਸਤਕ ਨੌਜਵਾਨ ਖੋਜਕਰਤਾਵਾਂ ਲਈ ਬਹੁਤ ਸਹਾਈ ਹੋਵੇਗੀ।