ਪੱਤਰ ਪ੍ਰੇਰਕ
ਪਟਿਆਲਾ 25 ਅਪਰੈਲ
ਤ੍ਰਿਵੇਣੀ ਸਾਹਿਤ ਪ੍ਰੀਸ਼ਦ (ਰਜਿ.) ਪਟਿਆਲਾ ਵਲੋਂ ਸਾਹਿਤਕ ਸਮਾਗਮ ਦੌਰਾਨ ਕਵੀ ਦਰਬਾਰ, ਪੁਸਤਕ ਲੋਕ ਅਰਪਣ ਅਤੇ ਸਨਮਾਨ ਸਮਾਰੋਹ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿੱਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਤ੍ਰਿਵੈਣੀ ਸਾਹਿਤ ਪ੍ਰੀਸ਼ਦ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ, ਸੀਨੀਅਰ ਮੀਤ ਪ੍ਰਧਾਨ ਸ੍ਰੀਮਤੀ ਨਿਰਮਲਾ ਗਰਗ ਅਤੇ ਡਾ.ਜੀਐੱਸ.ਆਨੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਵੇਲੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਸਰਪ੍ਰਸਤ ਰੈੱਡ ਕਰਾਸ ਸੁਸਾਇਟੀ ਅਤੇ ਪੁਆਧੀ ਬੋਲੀ ਵਿਚ ਸਾਹਿਤ ਸਿਰਜਕ ਚਰਨ ਪੁਆਧੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਕਵੀਸ਼ਰ ਮੇਵਾ ਸਿੰਘ ਅਣਖੀ ਬਾਸੀਅਰਖ ਦੀ ਉਨ੍ਹਾਂ ਦੇ ਪਿਤਾ ਸਵਰਗਵਾਸੀ ਕਵੀਰਾਜ ਜੋਰਾ ਸਿੰਘ ਮੁਸਾਫਿਰ ਦੀਆਂ ਅਮਰ ਕਵੀਸ਼ਰੀ ਲਿਖਤਾਂ ਤੇ ਕਿੱਸਿਆਂ ਦੀ ਸੰਪਾਦਤ ਪੁਸਤਕ ‘ਯੁੱਗ ਪਲਟਾਊ ਸੂਰਮੇ’ ਦਾ ਲੋਕ ਅਰਪਣ ਕੀਤਾ ਗਿਆ। ਸਭਾ ਦੇ ਸਕੱਤਰ ਜਨਰਲ ਤਜਿੰਦਰ ਅਨਜਾਨਾ ਦੀ ਮੰਚ ਸੰਚਾਲਨਾ ਹੇਠ ਸਾਹਿਤਕ ਸਮਾਗਮ ਤੇ ਕਵੀ ਦਰਬਾਰ ਵਿੱਚ ਕ੍ਰਿਸ਼ਨ ਲਾਲ ਧੀਮਾਨ, ਹਰਦੀਪ ਕੌਰ ਜਸੋਵਾਲ ਆਦਿ ਨੇ ਕਵਿਤਾਵਾਂ ਸੁਣਾ ਕੇ ਦੀ ਹਾਜ਼ਰੀ ਲਵਾਈ।