ਨਿੱਜੀ ਪੱਤਰ ਪ੍ਰੇਰਕ
ਨਾਭਾ, 11 ਅਕਤੂਬਰ
ਇਮਾਰਤ ਤੇ ਹੋਰ ਉਸਾਰੀ ਕਿਰਤੀ ਭਲਾਈ ਬੋਰਡ ਮੁਹਾਲੀ (ਬੀਓਸੀਡਬਲਿਊ ਭਲਾਈ ਬੋਰਡ) ਵੱਲੋਂ ਇੱਕ ਪ੍ਰਾਰਥੀ ਨੂੰ ਬੀਓਸੀ ਡਬਲਿਊ ਐਕਟ 1996 ਸਬੰਧੀ ਪੰਜਾਬ ਸਰਕਾਰ ਦੇ ਨਿਯਮਾਂ ਦੀ ਕਾਪੀ ਪੰਜਾਬੀ ਭਾਸ਼ਾ ਵਿੱਚ ਦੇਣ ਤੋਂ ਇਨਕਾਰ ਕਰਦਿਆਂ ਲਿਖਿਆ ਕਿ ਇਹ ਨਿਯਮ ਅੰਗਰੇਜ਼ੀ ਭਾਸ਼ਾ ਵਿੱਚ ਹੀ ਉਪਲਬਧ ਹੈ, ਜਿਸ ਨੂੰ 676 ਰੁਪਏ ਅਦਾ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਅਤੇ ਬਿਨੈਕਾਰ ਕਿਸੇ ਮਾਹਿਰ ਕੋਲੋਂ ਇਸਦਾ ਪੰਜਾਬੀ ਅਨੁਵਾਦ ਕਰਵਾ ਲਵੇ। ਉਸਾਰੀ ਕਿਰਤੀਆਂ ਲਈ ਸਮਾਜਕ ਸੁਰੱਖਿਆ ਦੇ ਪ੍ਰਬੰਧ ਲਈ ਬਣੇ ਇਸ ਕਾਨੂੰਨ ਨੂੰ ਲਾਗੂ ਕਰਾਉਣ ਲਈ ਸੰਘਰਸ਼ੀਲ ਕਾਰਕੁਨ ਵਿਜੈ ਵਾਲੀਆ ਵੱਲੋਂ ਆਰਟੀਆਈ ਕਾਨੂੰਨ ਰਾਹੀਂ ਪੰਜਾਬ ਨਿਯਮਾਂ ਦੀ ਕਾਪੀ ਪੰਜਾਬੀ ਭਾਸ਼ਾ ਵਿੱਚ ਮੰਗੀ ਗਈ ਸੀ, ਜਿਸਦਾ ਬੋਰਡ ਨੇ ਉਪਰੋਕਤ ਜੁਆਬ ਦਿੱਤਾ।
ਇਸ ਜਵਾਬ ਨੂੰ ਪੰਜਾਬ ਰਾਜ ਭਾਸ਼ਾ ਕਾਨੂੰਨ ਦੀ ਉਲੰਘਣਾ ਦੱਸਦਿਆਂ ਗ਼ੈਰਸਰਕਾਰੀ ਸੰਸਥਾ ‘ਸੈਂਟਰ ਫਾਰ ਸੋਸ਼ਲ ਚੇਂਜ ਐਂਡ ਇਕਵਿਟੀ’ ਨੇ ਡਾਇਰੈਕਟਰ ਭਾਸ਼ਾ ਵਿਭਾਗ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਰੋਸ ਜ਼ਾਹਿਰ ਕੀਤਾ ਕਿ ਬੋਰਡ ਨੇ ਜਿੱਥੇ ਇਹਨੇ ਸਾਲਾਂ ਵਿੱਚ ਨਿਯਮਾਂ ਦਾ ਪੰਜਾਬੀ ਅਨੁਵਾਦ ਨਹੀਂ ਕੀਤਾ, ਉੱਥੇ ਬੋਰਡ ਵੱਲੋਂ ਜਾਰੀ ਕੀਤੇ ਜਾਂਦੇ ਸਰਕੁਲਰ ਵੀ ਅੰਗਰੇਜ਼ੀ ਵਿੱਚ ਹੀ ਹੁੰਦੇ ਹਨ, ਜੋ ਕਿ ਆਮ ਕਿਰਤੀ ਲਈ ਅਣਜਾਣ ਭਾਸ਼ਾ ਹੈ। ਉਨ੍ਹਾਂ ਪੰਜਾਬ ਰਾਜ ਭਾਸ਼ਾ ਕਾਨੂੰਨ (ਸੋਧ) 2021 ਤਹਿਤ ਬੋਰਡ ਦੇ ਡਿਪਟੀ ਸਕੱਤਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਸਾਰੀ ਕਿਰਤੀ ਭਲਾਈ ਬੋਰਡ ਦੇ ਡਿਪਟੀ ਸਕੱਤਰ ਜਸ਼ਨਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋਈ ਬੋਰਡ ਦੀ ਮੀਟਿੰਗ ਦਾ ਸਾਰਾ ਏਜੰਡਾ ਪੰਜਾਬੀ ਵਿੱਚ ਲੱਗਿਆ ਸੀ, ਜੋ ਪਹਿਲਾਂ ਨਹੀਂ ਹੁੰਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸੱਭਿਆਚਾਰ ਵਿਭਾਗ ਦੀ ਮਦਦ ਨਾਲ ਪੰਜਾਬ ਨਿਯਮ ਵੀ ਜਲਦ ਹੀ ਪੰਜਾਬੀ ਵਿੱਚ ਅਨੁਵਾਦ ਕਰਕੇ ਜਨਤਕ ਕੀਤੇ ਜਾਣਗੇ। ਇਸ ਸੰਬੰਧੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਵੀਰਪਾਲ ਕੌਰ ਨੇ ਕਿਹਾ ਕਿ ਸੂਬੇ ਦੇ ਸਾਰੇ ਕਾਨੂੰਨ ਅਤੇ ਨਿਯਮਾਂ ਨੂੰ ਪੰਜਾਬੀ ਵਿੱਚ ਉਪਲੱਬਧ ਕਰਵਾਉਣਾ ਲਾਜ਼ਮੀ ਹੈ ਤੇ ਇਸ ਮਾਮਲੇ ਵਿੱਚ ਉਹ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨਗੇ।