ਸਰਬਜੀਤ ਸਿੰਘ ਭੰਗੂ
ਪਟਿਆਲਾ, 22 ਅਗਸਤ
ਐਤਵਾਰ ਨੂੰ ਲਗਾਤਾਰ ਦੂਜੇ ਦਿਨ ਪਏ ਨਾਲ਼ ਸ਼ਹਿਰ ਦੇ ਕਈ ਨੀਵੇਂ ਖੇਤਰਾਂ ਵਿਚ ਪਾਣੀ ਭਰ ਗਿਆ ਪਰ ਫ਼ਸਲਾਂ ਲਈ ਇਹ ਮੀਂਹ ਲਾਹੇਵੰਦਾ ਰਿਹਾ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਐਤਵਾਰ ਦਾ ਇਹ ਮੀਂਹ ਦਿਹਾਤੀ ਖੇਤਰਾਂ ਲਈ ਰਾਹਤ ਤੇ ਸ਼ਹਿਰੀ ਖੇਤਰਾਂ ਲਈ ਆਫ਼ਤ ਭਰਿਆ ਰਿਹਾ। ਐਤਵਾਰ ਨੂੰ ਤਕਰੀਬਨ ਸਾਰਾ ਦਿਨ ਹੀ ਰੁਕ ਰੁਕ ਮੀਂਹ ਪੈਂਦਾ ਰਿਹਾ। ਅਜਿਹੀ ਸੂਰਤ ਵਿਚ ਪਹਿਲੀ ਬਾਰਸ਼ ਨਾਲ਼ ਇਕੱਤਰ ਹੋਏ ਪਾਣੀ ਨਿਕਲ਼ਦਾ/ਉਤਰਦਾ ਰਿਹਾ। ਪਰ ਫਿਰ ਵੀ ਸ਼ਾਹੀ ਸ਼ਹਿਰ ਦੀਆਂ ਕਈ ਸੜਕਾਂ ਦੀ ਬਣਤਰ ਢੁਕਵੀਂ ਨਾ ਹੋਣ ਕਾਰਨ ਮੀਂਹ ਦਾ ਪਾਣੀ ਭਰਿਆ ਰਿਹਾ।
ਉਂਜ ਮੇਅਰ ਸੰਜੀਵ ਬਿੱਟੂ ਦਾ ਤਰਕ ਸੀ ਕਿ ਨਗਰ ਨਿਗਮ ਵੱਲੋਂ ਕੀਤੇ ਸੁਧਾਰਾਂ ਸਦਕਾ ਐਤਕੀਂ ਪਾਣੀ ਦੀ ਨਿਕਾਸੀ ਦੇ ਪਹਿਲਾਂ ਨਾਲੋਂ ਢੁਕਵੇਂ ਪ੍ਰਬੰਧ ਰਹੇ ਤੇ ਪਾਣੀ ਜਲਦੀ ਹੀ ਨਿਕਲ਼ਦਾ ਰਿਹਾ।
ਉਧਰ ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨਿਚਰਵਾਰ ਨੂੰ ਭਾਵੇਂ ਕਿ ਰਾਜਪੁਰਾ ’ਚ ਸਭ ਤੋਂ ਜ਼ਿਆਦਾ ਬਾਰਸ਼ ਪਈ ਸੀ, ਪਰ ਐਤਵਾਰ ਨੂੰ ਜ਼ਿਲ੍ਹੇ ਦੇ ਨਾਭਾ ਖੇਤਰ ’ਚ ਸਭ ਤੋਂ ਵੱਧ 47.0 ਐਮਐਮ ਬਾਰਸ਼ ਹੋਈ। ਰਾਜਪੁਰਾ ’ਚ 21.8 ਐਮਐਮ ਮੀਂਹ ਪਿਆ। ਸਮਾਣਾ ’ਚ ਮੀਂਹ ਪੈਣ ਦੀ ਦਰ ਸਿਰਫ਼ 3 ਐਮ.ਐਮ ਹੀ ਰਹੀ। ਸਮੁੱਚੇ ਜ਼ਿਲ੍ਹੇ ’ਚ ਕੁੱਲ 71.8 ਐਮਐਮ ਮੀਂਹ ਪਿਆ, ਜਿਸ ਦੀ ਐਵਰੇਜ਼ 17.95 ਐਮ.ਐਮ ਰਹੀ। ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜੇਪੀਐਸ ਗਰੇਵਾਲ ਦਾ ਕਹਿਣਾ ਸੀ ਕਿ ਇਹ ਮੀਂਹ ਫ਼ਸਲਾਂ ਲਈ ਲਾਭਦਾਇਕ ਹੈ।
ਲਹਿਰਾਗਾਗਾ (ਰਮੇਸ਼ ਭਾਰਦਵਾਜ): ਅੱਜ ਦੁਪਹਿਰ ਦੋ ਵਜੇ ਤੱਕ ਤੇਜ਼ ਮੀਂਹ ਪੈਣ ਕਰ ਕੇ ਸੜਕਾਂ ’ਤੇ ਕਈ ਫੁੱਟ ਤੱਕ ਪਾਣੀ ਭਰ ਗਿਆ। ਇਸ ਕਾਰਨ ਪੁਰਾਣੀ ਗਊਸ਼ਾਲਾ ਰੋਡ, ਰਾਮੇ ਵਾਲੀ ਖੂਹੀ, ਐੱਸਡੀਐੱਮ ਦਫ਼ਤਰ, ਨਗਰ ਕੌਂਸਲ ਰੋਡ ’ਤੇ ਲੰਘਣ ’ਚ ਔਖ ਆਈ। ਬਾਰਸ਼ ਕਰਕੇ ਬਿਜਲੀ ਵਿਭਾਗ ’ਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਕਿਸਾਨ ਲਗਾਤਾਰ ਪਾਵਰਕੌਮ ਦਾ ਪਿੱਛਲੇ ਦਿਨਾਂ ’ਚ ਬਿਜਲੀ ਸਪਲਾਈ ਘੱਟ ਆਉਣ ਕਰ ਕੇ ਨਰਮੇਂ ਅਤੇ ਝੋਨੇ ਦੀ ਫ਼ਸਲ ’ਤੇ ਮਾਰੂ ਅਸਰ ਪੈਣ ਦਾ ਦੋਸ਼ ਲਾ ਰਹੇ ਸਨ।
ਬਲਾਕ ਖੇਤੀ ਅਫ਼ਸਰ ਡਾ. ਇੰੰਦਰਜੀਤ ਸਿੰਘ ਭੱਟੀ ਨੇ ਦੱਸਿਆ ਕਿ ਇਹ ਬਾਰਸ਼ ਖੇਤੀ ਲਈ ਲਾਹੇਬੰਦ ਸਾਬਤ ਹੋਵੇਗੀ। ਇਸ ਨਾਲ ਨਰਮੇ, ਸਬਜ਼ੀਆਂ ਅਤੇ ਝੋਨੇ ਦੀ ਫ਼ਸਲ ਨੂੰ ਵੱਡੀ ਰਾਹਤ ਮਿਲੇਗੀ।