ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਕਤੂਬਰ
‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇਨ ਸਿਖਇਜ਼ਮ’ ਬਹਾਦਰਗੜ੍ਹ ਵਿਚ ‘ਗੁਰਬਾਣੀ ਸੰਥਿਆ: ਪੰਜ ਰੋਜ਼ਾ ਕਾਰਜਸ਼ਾਲਾ’ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰਬਾਣੀ ਸੰਥਿਆ ਦੀ ਬਹੁਤ ਮਹੱਤਤਾ ਹੈ। ਇਹ ਪ੍ਰਥਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਆਰੰਭ ਹੋਈ ਸੀ। ਇਸ ਪੰਜ ਰੋਜ਼ਾ ਕਾਰਜਸ਼ਾਲਾ ਦਾ ਮੰਤਵ ਹੈ ਕਿ ਜਿਵੇਂ ਗੁਰਬਾਣੀ ਲਿਖੀ ਹੈ, ਉਵੇਂ ਹੀ ਪੜ੍ਹਨਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਗੁਰ-ਇਤਿਹਾਸ ਦੇ ਪ੍ਰਮਾਣਾਂ ਰਾਹੀਂ ਗੁਰਬਾਣੀ ਸੰਥਿਆ ਦੀ ਮਹੱਤਤਾ ਨੂੰ ਦ੍ਰਿੜ ਕਰਵਾਇਆ। ਅੱਜ ਦੂਜੇ ਦਿਨ ਦੀ ਕਾਰਜਸ਼ਾਲਾ ਦੇ ਪਹਿਲੇ ਸੈਸ਼ਨ ਵਿਚ ‘ਗੁਰਬਾਣੀ ਉਚਾਰਨ ਅਤੇ ਹੋਰ ਅਨੁਸ਼ਾਸਨ’ ਵਿਸ਼ੇ ’ਤੇ ਬੋਲਦਿਆਂ, ਡਾ. ਮੁਹੱਬਤ ਸਿੰਘ ਨੇ ਕਿਹਾ ਕਿ ਉਚਾਰਨ ਦਾ ਪਹਿਲਾ ਨੁਕਤਾ ਲਿਖੇ ਨੂੰ ਉਸੇ ਤਰ੍ਹਾਂ ਪੜ੍ਹਨਾ ਹੈ। ਡਾ. ਮੋਹਨ ਸਿੰਘ ਨੇ ਆਖਿਆ ਕਿ ਸੌ ਸਾਲ ਪਹਿਲਾਂ ਪ੍ਰੋ. ਸਾਹਿਬ ਸਿੰਘ ਨੇ ਪੁਸਤਕ ‘ਗੁਰਬਾਣੀ ਵਿਆਕਰਨ’ ਅਤੇ ਪ੍ਰਿੰ. ਤੇਜਾ ਸਿੰਘ ਨੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਟ੍ਰੈਕਟ ਰਾਹੀਂ ਗੁਰਬਾਣੀ ਉਚਾਰਨ ਬਾਰੇ ਵਿਚਾਰ ਸ਼ੁਰੂ ਕੀਤੀ ਸੀ। ਇਸ ਨੂੰ ਅੱਗੇ ਗਤੀਸ਼ੀਲ ਕਰਨ ਦੀ ਜ਼ਰੂਰਤ ਹੈ।