ਖੇਤਰੀ ਪ੍ਰਤੀਨਿਧ
ਪਟਿਆਲਾ, 10 ਜਨਵਰੀ
ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਪਾਰਦਰਸ਼ੀ ਢੰਗ ਨਾਲ ਸਰਕਾਰ ਚਲਾਉਣ ’ਤੇ ਸਵਾਲੀਆ ਨਿਸ਼ਾਨ ਲਾਇਆ ਹੈ। ਡੀਟੀਐੱਫ਼ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ, ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਸਿੰਘ ਅਤੇ ਜ਼ਿਲ੍ਹਾ ਸਕੱਤਰ ਹਰਵਿੰਦਰ ਰੱਖੜਾ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਦਿਨੀਂ ਆਪਣੇ ਚਹੇਤੇ ਕਾਂਗਰਸੀ ਲੀਡਰਾਂ ਨੂੰ ਖੁਸ਼ ਕਰਨ ਲਈ, ਆਪਣੀ ਹੀ ਬਦਲੀ ਨੀਤੀ ਦੀਆਂ ਧੱਜੀਆਂ ਉਡਾ ਦਿੱਤੀਆਂ ਅਤੇ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਸੈਂਕੜੇ ਬਦਲੀਆਂ ਬਿਨਾਂ ਕੋਈ ਜਨਤਕ ਅਰਜ਼ੀ ਦੀ ਮੰਗ ਕੀਤਿਆਂ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਇਸ ’ਚ ਕੋਈ ਹੋਰ ਪਾਰਦਰਸ਼ੀ ਢੰਗ ਵੀ ਨਹੀਂ ਅਪਣਾਇਆ ਗਿਆ। ਦੂਜੇ ਪਾਸੇ ਸਰਕਾਰ ਦੀ ਨੀਤੀ ਤਹਿਤ ਬਦਲੀ ਕਰਵਾ ਚੁੱਕੇ ਅਧਿਆਪਕ, ਜਿਨ੍ਹਾਂ ਦੀਆਂ ਵੱਖ ਵੱਖ ਸ਼ਰਤਾਂ ਤਹਿਤ ਹੋਈਆਂ ਬਦਲੀਆਂ ਨੂੰ ਲਾਗੂ ਨਹੀਂ ਕੀਤਾ ਗਿਆ, ਹੁਣ ਆਪਣੇ ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ। ਬਦਲੀ ਨੀਤੀ ਨੂੰ ਤਿਲਾਂਜਲੀ ਦੇ ਕੇ ਬਦਲੀਆਂ ਦਾ ਸਿਆਸੀਕਰਨ ਹੋਣ ਦੀ ਸਖ਼ਤ ਨਿਖੇਧੀ ਕਰਦਿਆਂ, ਫਰੰਟ ਦੇ ਆਗੂਆਂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਗੈਰ ਪਾਰਦਰਸ਼ੀ ਅਤੇ ਗੈਰ ਵਾਜਬ ਢੰਗ ਨਾਲ ਕੀਤੀਆਂ 500 ਅਧਿਆਪਕਾਂ ਦੀਆਂ ਬਦਲੀਆਂ ਨੂੰ ਪੂਰੀ ਤਰ੍ਹਾਂ ਸਿਆਸੀ ਦਖਲਅੰਦਾਜ਼ੀ ਦੀ ਭੇਟ ਚਾੜ੍ਹ ਦਿੱਤਾ ਗਿਆ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਦਾ ਸਿੱਖਿਆ ਵਿਭਾਗ ਪਿਛਲੇ ਸਾਲ ਬਦਲੀ ਨੀਤੀ ਤਹਿਤ ਹੋਈਆਂ ਬਦਲੀਆਂ ਨੂੰ 50% ਸਟਾਫ, ਕਰਮਚਾਰੀ ਦੇ ਪਰਖਕਾਲ ਅਧੀਨ ਹੋਣ, ਸਿੰਗਲ ਟੀਚਰ, ਅਧਿਆਪਕ ਦਾ ਬਦਲ ਨਾ ਹੋਣ ਵਰਗੀਆਂ ਸ਼ਰਤਾਂ ਦਾ ਬਹਾਨਾ ਬਣਾ ਕੇ ਲਾਗੂ ਕਰਵਾਉਣ ਤੋਂ ਕੰਨੀ ਕਤਰਾਉਂਦਾ ਰਿਹਾ ਹੈ। ਇਸੇ ਤਰ੍ਹਾਂ ਪ੍ਰਾਇਮਰੀ ਦੀਆਂ ਅੰਤਰ ਜ਼ਿਲ੍ਹਾ ਬਦਲੀਆਂ ਨੂੰ ਲਾਗੂ ਕਰਨ ਦੀ ਥਾਂ, ਅਧਿਆਪਕਾਂ ਨੂੰ ਬਦਲੀ ਵਾਲੇ ਸਟੇਸ਼ਨ ’ਤੇ ਹਾਜ਼ਰ ਹੋਣ ਉਪਰੰਤ ਡੈਪੂਟੇਸ਼ਨ ’ਤੇ ਪੁਰਾਣੇ ਸਕੂਲਾਂ ਵਿੱਚ ਹੀ ਰੱਖਿਆ ਹੋਇਆ ਹੈ। ਆਗੂਆਂ ਨੇ ਦੱਸਿਆ ਕਿ ਸਮੁੱਚੇ ਅਧਿਆਪਕ ਵਰਗ ਵਿੱਚ ਪੰਜਾਬ ਸਰਕਾਰ ਪ੍ਰਤੀ ਗੁੱਸੇ ਦੀ ਭਾਵਨਾ ਹੈ।