ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੁਲਾਈ
ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਕੰਮ ਛੋੜ ਹੜਤਾਲ਼ ’ਤੇ ਚੱਲ ਰਹੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਠੇਕਾ ਆਧਾਰਤ ਮੁਲਾਜ਼ਮਾਂ ਨੇ ਹਸਪਤਾਲ ਕੰਪਲੈਕਸ ’ਚ ਰੋਸ ਰੈਲੀ ਕਰਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਸਬ ਕਮੇਟੀ ਦੇ ਮੁਖੀ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਨਿਵਾਸ ਵੱਲ ਰੋਸ ਮਾਰਚ ਵੀ ਕੀਤਾ। ਇਨ੍ਹਾਂ ਦੋਵਾਂ ਦੀਆਂ ਰਿਹਾਇਸ਼ਾਂ ਆਹਮੋ ਸਾਹਮਣੇ ਹਨ। ਪਰ ਪਹਿਲਾਂ ਹੀ ਤਾਇਨਾਤ ਪੁਲੀਸ ਫੋਰਸ ਨੇ ਮੁਲਾਜ਼ਮਾਂ ਦੇ ਇਸ ਕਾਫਲੇ ਨੂੰ ਨਿਊ ਮੋਤੀ ਬਾਗ ਪੈਲੇਸ ਤੋਂ ਪਹਿਲਾਂ ਹੀ ਸਥਿਤ ਵਾਈਪੀਐਸ ਚੌਕ ’ਚ ਰੋਕ ਲਿਆ। ਜਿਸ ਮਗਰੋਂ ਸਰਕਾਰ ਤੇ ਗਰਮੀ ਦੇ ਸਤਾਏ ਇਹ ਮੁਲਾਜ਼ਮਾਂ ਇਸੇ ਚੌਕ ’ਚ ਤੱਤੀ ਸੜਕ ’ਤੇ ਧਰਨਾ ਮਾਰ ਕੇ ਬੈਠ ਗਏ। ਫੋਰਥ ਕਲਾਸ ਗੌਰਮਿੰਟ ਐਂਪਲਾਈਜ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਅੱਜ ਦਾ ਇਹ ਰੋਸ ਮਾਰਚ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਗਠਿਤ ਕੀਤੀ ਗਈ ਕੈਬਨਿਟ ਸਬ ਕਮੇਟੀ ਵੱਲੋਂ ਉਲਟਾ ਮੁਲਾਜ਼ਮ ਵਿਰੋਧੀ ਫੈਸਲਾ ਲਏ ਜਾਣ ਦੇ ਵਿਰੋਧ ’ਚ ਕੀਤਾ ਗਿਆ ਹੈ। ਲੁਬਾਣਾ ਦਾ ਕਹਿਣਾ ਸੀ ਕਿ ਰੈਗੂਲਾਈਜੇਸ਼ਨ ਸਬੰਧੀ ਬਿੱਲ ਦਾ ਖਰੜਾ ਪ੍ਰਸੋਨਲ ਵਿਭਾਗ ਵੱਲੋਂ 30 ਜੂਨ ਨੂੰ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਅਗਲੀ ਕਾਰਵਾਈ ਕਰਨ ਲਈ ਭੇਜ ਕੇ ਸਮੂਹ ਕੱਚੇ ਵਰਕਰਾਂ ਦਾ ਗਲਾ ਘੋਣ ਵਾਲੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਖਰੜੇ ਵਿੱਚ ਆਊਟ ਸੋਰਸ, ਪਾਰਟ ਟਾਈਮ ਤੇ ਸਕੀਮ ਵਰਕਰਾਂ ਨੂੰ ਕੋਈ ਜਗ੍ਹਾ ਨਹੀਂ ਹੈ। ਸਿਰਫ਼ ਦਸ ਸਾਲ ਤੱਕ ਦੀ ਨੌਕਰੀ ਪੂਰੀ ਕਰਨ ਵਾਲ਼ੇ ਵਰਕਰਾਂ ਨੂੰ ਹੀ ਰੈਗੂਲਰ ਕਰਨ ਦੀ ਗੱਲ ਆਖੀ ਗਈ ਹੈ। ਜਿਸ ਕਾਰਨ ਅਨੇਕਾ ਵਰਕਰ ਰੈਗੂਲਰ ਸੇਵਾਵਾਂ ਹਾਸਲ ਕਰਨ ਤੋਂ ਵਾਂਝੇ ਰਹਿ ਜਾਣਗੇ। ਮੁਲਾਜ਼ਮਾ ਨੇ ਚੌਕ ’ਚ ਅਜਿਹੇ ਖਰੜੇ ਦੀਆਂ ਕਾਪੀਆਂ ਸਾੜਦਿਆਂ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਗਈ।