ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਮਈ
ਭਾਸ਼ਾ ਵਿਭਾਗ ਪੰਜਾਬ ਦੀ ਰੈਫਰੈਂਸ ਲਾਇਬ੍ਰੇਰੀ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਦੀਆਂ ਹੱਥ ਲਿਖਤ ਬੀੜਾਂ ਵਿਚ ਇਕ ਦੁਰਲੱਭ ਬੀੜ ਅਜਿਹੀ ਹੈ ਜਿਸ ਨੂੰ ਪੰਜਾਹਵਿਆਂ ਵਿੱਚ ਪਿਆਰਾ ਸਿੰਘ ਪਦਮ ਇੰਗਲੈਂਡ ਤੋਂ ਲਿਆਏ ਸਨ। ਇਸ ਵਿਚ ਰਾਗ ਮਾਲਾ ਨਹੀਂ ਹੈ।
ਸਹਾਇਕ ਡਾਇਰੈਕਟਰ (ਭਾਸ਼ਾ ਵਿਕਾਸ) ਸਤਨਾਮ ਸਿੰਘ ਨੇ ਦੱਸਿਆ ਕਿ 1950-51 ਵਿੱਚ ਜਦੋਂ ਪਿਆਰਾ ਸਿੰਘ ਪਦਮ ਨੂੰ ਬਰਤਾਨੀਆ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੱਥ ਲਿਖਤ ਬੀੜ ਪਈ ਹੋਣ ਦਾ ਪਤਾ ਲੱਗਿਆ ਸੀ ਤਾਂ ਉਹ ਤੁਰੰਤ ਉੱਥੇ ਜਾ ਕੇ ਬੀੜ ਇੱਥੇ ਲੈ ਆਏ। ਇਸ ਬੀੜ ਬਾਰੇ ਕੋਈ ਪਤਾ ਨਹੀਂ ਹੈ ਕਿ ਇਹ ਕਿਸ ਨੇ ਲਿਖੀ ਤੇ ਕਿਸ ਸਮੇਂ ਇਹ ਹੋਂਦ ਵਿੱਚ ਆਈ। ਇਸ ਵਿਚ ਰਾਗ ਮਾਲਾ ਵੀ ਨਹੀਂ ਹੈ।
ਇਸੇ ਤਰ੍ਹਾਂ ਇੱਥੇ ਸੁੁਸ਼ੋਭਿਤ ਇੱਕ ਹੋਰ ਹੱਥ ਲਿਖਤ ਬੀੜ ਦੇ 780 ਪੱਤਰੇ ਹਨ। ਇਸ ਬੀੜ ਦਾ ਸਮਾਂ 1855 ਬਿਕਰਮੀ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਇੱਥੇ 794 ਪੱਤਰਿਆਂ ਵਾਲੀ 1828 ਬਿਕਰਮੀ ਦੀ ਹੱਥ ਲਿਖਤ ਬੀੜ ਵੀ ਸੁਸ਼ੋਭਿਤ ਹੈ। ਇਹ ਹੱਥ ਲਿਖਤ ਭਾਈ ਜੀਤਿ ਸਿੰਘ ਗੋਇੰਦਵਾਲ ਸਾਹਿਬ ਵਾਲਿਆਂ ਨੇ ਸੰਪੂਰਨ ਕੀਤੀ। ਇੱਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਖਾਰੀ ਬੀੜ ਵੀ ਸੁਸ਼ੋਭਿਤ ਹੈ। ਇਸ ਦੇ 825 ਪੱਤਰੇ ਹਨ। ਇਸ ਦਾ ਸਮਾਂ 19ਵੀਂ ਸਦੀ ਦੱਸਿਆ ਗਿਆ ਹੈ। ਇਕ ਹੋਰ ਹੱਥ ਲਿਖਤ ਬੀੜ ਇੱਥੇ ਪਈ ਹੈ, ਜਿਸ ਦਾ ਸਮਾਂ ਸੰਮਤ 1880 (ਚੇਤ ਸੁਦੀ 5) ਦੱਸਿਆ ਗਿਆ ਹੈ। ਇਹ ਹੱਥ ਲਿਖਤ ਬੀੜ 440 ਪੱਤਰਿਆਂ ਵਿੱਚ ਹੀ ਸੰਪੂਰਨ ਕੀਤੀ ਹੋਈ ਹੈ। ਇਸ ਦੇ ਇੱਕ ਪੱਤਰੇ ’ਤੇ 21 ਸਤਰਾਂ ਹਨ।