ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ
ਇਥੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਕੀਤੇ ਜਾ ਰਹੇ ਸੂਬਾਈ ਇਜਲਾਸ ਦੀ ਤਿਆਰੀ ਮੁਹਿੰਮ ਤਹਿਤ ਛਾਜਲਾ ਵਿੱਚ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਜਗਦੀਪ ਸਿੰਘ ਅਤੇ ਬਲਾਕ ਆਗੂ ਭੋਲਾ ਸਿੰਘ ਨੇ ਕਿਹਾ ਕਿ ਪੰਚਾਇਤੀ ਰਿਜ਼ਰਵ ਕੋਟੇ ਦੀ ਜ਼ਮੀਨ ਆਉਣ ਨਾਲ ਦਲਿਤ ਬੇਜ਼ਮੀਨੇ ਖ਼ਾਸ ਕਰ ਕੇ ਬੇਜ਼ਮੀਨਿਆਂ ਔਰਤਾਂ ਦੀ ਜ਼ਿੰਦਗੀ ਉੱਪਰ ਕੀ ਅਸਰ ਪਿਆ ਹੈ ਇਸ ਸਾਰੇ ਜ਼ਮੀਨੀ ਘੋਲ ਦਾ ਨਿਚੋੜ 15 -16 ਅਕਤੂਬਰ ਦੇ ਇਜਲਾਸ ਵਿੱਚ ਕੱਢਿਆ ਜਾਵੇਗਾ ਅਤੇ ਜ਼ਮੀਨੀ ਘੋਲ ਅੰਦਰ ਰਹੀਆਂ ਕਮੀਆਂ, ਨੁਕਸਾਂ, ਸਮੱਸਿਆਵਾਂ ਨੂੰ ਚਿੰਨ੍ਹਤ ਕਰਦਿਆਂ ਜ਼ਮੀਨੀ ਘੋਲ ਅੱਗੇ ਕਿਵੇਂ ਵਧੇ ਇਸ ਉਪਰ ਵਿਚਾਰ ਚਰਚਾ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਜ਼ਮੀਨ ਦੇ ਮੁੱਦੇ ਤੋਂ ਇਲਾਵਾ ਪਲਾਟ, ਕਰਜ਼ਾ ਮੁਆਫੀ, ਮਨਰੇਗਾ ਆਦਿ ਮੰਗਾਂ ਉੱਪਰ ਜਥੇਬੰਦੀ ਵੱਲੋਂ ਕੀਤੇ ਗਏ ਸੰਘਰਸ਼ ਉਪਰ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਅੱਜ ਦੀ ਰੈਲੀ ਵਿੱਚ ਬਿੱਕਰ ਸਿੰਘ, ਜੱਗੀ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ।