ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਅਪਰੈਲ
ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਤੇ ਹੋਰ ਦਫਤਰੀ ਖਰਚੇ ਚਲਾਉਣ ਲਈ ਤਿੰਨ ਮਹੀਨਿਆਂ ਦਾ ਬਜਟ ਜਾਰੀ ਕੀਤਾ ਹੋਇਆ ਹੈ ਪਰ ਜਲ ਸਰੋਤ ਵਿਭਾਗ ਵਿਚਲੇ ਕੈਨਾਲ ਸਰਕਲਾਂ ਅਤੇ ਮੰਡਲਾਂ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਨਖਾਹਾਂ ਨਸੀਬ ਨਹੀਂ ਹੋਈਆਂ। ਇਸ ਦੇ ਰੋਸ ਵਜੋਂ ਤੀਜਾ ਅਤੇ ਚੌਥਾ ਦਰਜਾ ਮੁਲਾਜ਼ਮਾਂ ਸਮੇਤ ਟੈਕਨੀਕਲ ਮੁਲਾਜ਼ਮ ਯੂਨੀਅਨ (ਜਲ ਸਰੋਤ ਵਿਭਾਗ ਦੇ ਆਈਬੀ ਕੰਪਲੈਕਸ ਬਾਰਾਂ ਖੂਹਾ) ਦੇ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਦੀ ਅਗਵਾਈ ਹੇਠ ਅੱਜ ਗੇਟ ਰੈਲੀ ਕਰਦਿਆਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਸ਼ਾਮਲ ਹੋਏ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦਾ ਕਹਿਣਾ ਸੀ ਕਿ ਤਨਖਾਹਾਂ ’ਚ ਦੇਰੀ ਦੀ ਮੁੱਖ ਵਜ੍ਹਾ ਉੱਚ ਅਧਿਕਾਰੀ ਦੀ ਕਥਿਤ ਅਣਗਹਿਲੀ ਹੈ ਜਿਸ ਦਾ ਖਮਿਆਜਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਪਹਿਲੇ ਪ੍ਰਮੁੱਖ ਸਕੱਤਰ ਨੇ ਤਨਖਾਹਾਂ ਦੀ ਐੱਸ.ਐੱਨ.ਈ. ਕਥਿਤ ਤੌਰ ’ਤੇ ਲੰਮਾ ਸਮਾਂ ਪ੍ਰਵਾਨ ਨਹੀਂ ਕੀਤੀ ਤੇ ਮਾਮਲੇ ਨੂੰ ਲਟਕਾਈ ਰੱਖਿਆ। ਹੁਣ ਜਲ ਸਰੋਤ ਵਿਭਾਗ ਦੇ ਸਕੱਤਰ ਦੀ ਜ਼ਿੰਮੇਵਾਰੀ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਦਿੱਤੀ ਗਈ ਹੈ। ਦੂਸਰੇ ਪਾਸੇ ਕੈਨਾਲ ਦੇ ਮੁੱਖ ਇੰਜਨੀਅਰ ਦਾ ਅਹੁਦਾ ਲੰਮੇ ਸਮੇਂ ਤੋਂ ਖਾਲੀ ਹੈ। ਇਸ ਦਾ ਖਮਿਆਜ਼ਾ ਵੀ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।
ਇਸੇ ਤਰ੍ਹਾਂ ਪ੍ਰਧਾਨ ਜਗਮੋਹਨ ਸਿੰਘ ਨੋਲੱਖਾ ਨੇ ਕਿਹਾ ਕਿ ਭਾਵੇਂ ਸਰਕਾਰ ਨੇ ਚੌਥਾ ਦਰਜਾ ਮੁਲਾਜ਼ਮਾਂ ਨੂੰ ਕਣਕ ਖਰੀਦਣ ਲਈ ਮੋੜਨਯੋਗ ਕਰਜ਼ੇ ਵਜੋਂ 8000 ਰੁਪਏ ਦੇਣ ਦਾ ਪੱਤਰ ਜਾਰੀ ਕਰ ਦਿੱਤਾ ਹੈ ਪਰ ਯੂਨੀਅਨ ਇਹ ਕਰਜ਼ਾ 20 ਹਜ਼ਾਰ ਰੁਪਏ ਕਰਨ ਦੀ ਮੰਗ ਕਰ ਰਹੀ ਹੈ।
25 ਤੇ 26 ਨੂੰ ਵੀ ਹੋਣਗੀਆਂ ਰੈਲੀਆਂ: ਨੌਲੱਖਾ
ਪ੍ਰਧਾਨ ਜਗਮੋਹਨ ਨੌਲੱਖਾ ਨੇ ਐਲਾਨ ਕੀਤਾ ਕਿ ਤਨਖਾਹਾਂ, ਤਰੱਕੀਆਂ, ਵਰਦੀਆਂ ਅਤੇ ਆਸ਼ਰਿਤਾਂ ਨੂੰ ਨੌਕਰੀਆਂ ਯਕੀਨੀ ਬਣਾਉਣ ਲਈ 25 ਅਪਰੈਲ ਨੂੰ ਭਾਖੜਾ ਮੇਨ ਲਾਈਨ ਸਰਕਲ ਅਤੇ 26 ਅਪਰੈਲ ਨੂੰ ਵਾਈਪੀਐੱਸ ਵਿੱਚ ਵੀ ਰੈਲੀਆਂ ਹੋਣਗੀਆਂ।