ਖੇਤਰੀ ਪ੍ਰਤੀਨਿਧ
ਪਟਿਆਲਾ, 22 ਜੂਨ
ਸੇਵਾਵਾਂ ਰੈਗੂਲਰ ਕਰਵਾਉਣ ਅਤੇ ਹੋਰ ਮੰਗਾਂ ਦੀ ਪੂਰਤੀ ਲਈ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਦਰਜਾ ਚਾਰ, ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਨੇ ਅੱਜ ਲਗਾਤਾਰ ਤੀਜੇ ਦਿਨ ਵੀ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਵਿਖੇ ਰੋਸ ਰੈਲੀ ਕੀਤੀ।
ਇਸ ਮੌਕੇ ’ਤੇ ਬੋਲਦਿਆਂ ਇਥੋਂ ਦੇ ਮੁਲਾਜ਼ਮਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਬੰਗਾ ਅਤੇ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਰਾਜਿੰਦਰਾ ਹਸਪਤਾਲ ਦੇ ਪ੍ਰਧਾਨ ਰਾਮ ਕਿਸ਼ਨ ਨੇ ਕਿਹਾ ਕਿ 2019 ਵਿੱਚ ਸਿਹਤ ਮੰਤਰੀ ਹੁੰਦਿਆਂ, ਬ੍ਰਹਮ ਮਹਿੰਦਰਾ ਨੇ ਸਮੂਹ ਕੰਟਰੈਕਟ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਇਸ ਮਗਰੋਂ ਉਨ੍ਹਾਂ ਨੇ ਭਾਵੇਂ ਨਰਸਿੰਗ ਕੇਡਰ ਦੇ ਸਾਢੇ ਪੰਜ ਸੌ ਦੇ ਕਰੀਬ ਸਟਾਫ਼ ਨੂੰ ਰੈਗੂਲਰ ਕਰ ਦਿੱਤਾ ਹੈ, ਪਰ ਨਰਸਿੰਗ ਸਟਾਫ਼ ਦੇ ਹੀ ਦਰਜਨਾਂ ਹੋਰਨਾ ਮੈਂਬਰਾਂ ਸਮੇਤ ਦਰਜਾ ਚਾਰ ਅਤੇ ਅਨਸਿਲਰੀ ਸਟਾਫ ਤੇ ਅਨੇਕਾਂ ਮੈਂਬਰ ਅਜੇ ਵੀ ਕੱਚੇ ਮੁਲਾਜ਼ਮਾਂ ਵਜੋਂ ਹੀ ਕਾਰਜਸ਼ੀਲ ਹਨ ਜਿਨ੍ਹਾਂ ਨੂੰ ਤਨਖਾਹਾਂ ਵੀ ਨਾ ਮਾਤਰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਲੀ ਕਮੇਟੀ ਦੀ ਮੀਟਿੰਗ ਵਿੱਚ ਵੀ ਨਗਰ ਨਿਗਮ ਦੇ ਕੁਝ ਕੁ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਹਾਮੀ ਭਰੀ ਗਈ ਹੈ। ਇਨ੍ਹਾਂ ਪੰਦਰਾਂ ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਸੇਵਾਵਾਂ ਦੇ ਰਹੇ ਕਰਮਚਾਰੀਆਂ ਨੂੰ ਰੈਗੂਲਰ ਨਾ ਕਰਕੇ ਬੇਇਨਸਾਫੀ ਕੀਤੀ ਹੈ। ਸਵਰਨ ਸਿੰਘ ਬੰਗਾ ਦਾ ਕਹਿਣਾ ਸੀ ਕਿ ਉਹ ਡੇਢ ਦਹਾਕੇ ਤੋਂ ਨਿਗੂਣੀਆਂ ਤਨਖ਼ਾਹਾਂ ’ਤੇ ਹੀ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਰਹੇ ਹਨ। ਇਸੇ ਤਰ੍ਹਾਂ ਰਾਮ ਕਿਸ਼ਨ ਦਾ ਕਹਿਣਾ ਸੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸਿਹਤ ਵਿਭਾਗ ਦੇ ਸਮੂਹ ਕੱਚੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਇਸ ਸਮੇਂ ਰਤਨ ਕੁਮਾਰ ਸੀਨੀਅਰਮੀਤ ਪ੍ਰਧਾਨ , ਗੁਰਲਾਲ ਸਿੰਘ, ਨਰੇਸ਼ ਕੁਮਾਰ, ਸੁਰਿੰਦਰਪਾਲ ਦੁੱਗਲ, ਕੁਲਵਿੰਦਰ ਸਿੰਘ, ਕਿਸ਼ੋਰ ਕੁਮਾਰ ਟੋਨੀ, ਬਲਜਿੰਦਰ ਸਿੰਘ ਅਤੇ ਪਰਦੀਪ ਕੁਮਾਰ ਵੀ ਹਾਜ਼ਰ ਸਨ।