ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਅਗਸਤ
ਪੀਆਰਟੀਸੀ ਮੁਲਾਜ਼ਮਾਂ ਦੀਆਂ ਛੇ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਅੱਜ ਆਪਣੀਆਂ ਮੰਗਾਂ ਦੀ ਪੂਰਤੀ ਲਈ ਇੱਥੇ ਬੱਸ ਸਟੈਂਡ ਵਿੱਚ ਰੋਸ ਰੈਲੀ ਕੀਤੀ ਜਿਸ ਮਗਰੋਂ ਸਰਕਾਰ ਵਿਰੋਧੀ ਮਾਟੋ ਅਤੇ ਝੰਡੇ ਲੈ ਕੇ ਰੋਸ ਮਾਰਚ ਵੀ ਕੀਤਾ ਗਿਆ।
ਇਸ ਐਕਸ਼ਨ ਦੀ ਅਗਵਾਈ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਸਮੇਤ ਮੈਂਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਖੱਟੜਾ, ਰਕੇਸ਼ ਕੁਮਾਰ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਕਰ ਰਹੇ ਸਨ। ਬੁਲਾਰਿਆਂ ਨੇ ਕਿਹਾ ਕਿ ਜਦੋਂ ਤੋਂ ‘ਆਪ’ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਪੀ.ਆਰ.ਟੀ.ਸੀ. ਦੇ ਵਰਕਰਾਂ ਅਤੇ ਪੈਨਸ਼ਨਰਾਂ ਨੂੰ ਤਨਖਾਹ- ਪੈਨਸ਼ਨ ਸਮੇਂ ਸਿਰ ਨਹੀਂ ਮਿਲੀ ਕਿਉਂਕਿ ਸਰਕਾਰ ਮੁਫਤ ਸਫ਼ਰ ਬਦਲੇ ਬਣਦੇ 250 ਕਰੋੜ ਦੀ ਅਦਾਇਗੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਹੋਏ ਬਹੁਕਰੋੜੀ ਟਿਕਟ ਮਸ਼ੀਨ ਸਕੈਂਡਲ ਸਬੰਧੀ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ। ਆਗੂਆਂ ਵੱਲੋਂ ਟਾਟਾ ਬੱਸਾਂ ਖਰੀਦ ਕੇ ਮਹਿਕਮੇ ਦਾ ਵੱਡਾ ਮਾਲੀ ਨੁਕਸਾਨ ਕਰਾਉਣ ਦਾ ਵੀ ਨੋਟਿਸ ਲਿਆ ਗਿਆ ਅਤੇ ਕਿਹਾ ਕਿ ਇਨ੍ਹਾਂ ਬੱਸਾਂ ਦੀ ਤੁਲਨਾ ਲੇਲੈਂਡ ਗੱਡੀਆਂ ਨਾਲ ਕਰ ਕੇ ਤੱਥ ਜਨਤਕ ਕੀਤੇ ਜਾਣ।
ਇਸ ਦੌਰਾਨ ਕਿਲੋਮੀਟਰ ਸਕੀਮ ਨੂੰ ਪੀ.ਆਰ.ਟੀ.ਸੀ ਅੰਦਰ ਪ੍ਰਾਈਵੇਟ ਬੱਸ ਮਾਫ਼ੀਆ ਦੀ ਘੁਸਪੈਠ ਦੇ ਤੁੱਲ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਟੈਂਡਰਾਂ ਦੀਆਂ ਨੁਕਸਦਾਰ ਸ਼ਰਤਾਂ ਦਾ ਖਮਿਆਜਾ ਪੀ.ਆਰ.ਟੀ.ਸੀ. ਨੂੰ ਪਹਿਲਾਂ ਵਾਂਗ ਲੰਮਾਂ ਸਮਾਂ ਭੁਗਤਣਾ ਪਵੇਗਾ। ਉਨ੍ਹਾਂ ਇਸ ਭ੍ਰਿਸ਼ਟਾਚਾਰੀ ਸਕੀਮ ਨੂੰ ਰੱਦ ਕਰਨ ਦੀ ਮੰਗ ਕੀਤੀ। ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ 25 ਅਗਸਤ ਤੋਂ ਇੱਕ ਹਫ਼ਤੇ ਲਈ ਪੀ.ਆਰ.ਟੀ.ਸੀ. ਦੇ ਸਾਰੇ ਬੱਸ ਸਟੈਂਡਾਂ ’ਤੇ ਸਾਰਾ ਦਿਨ ਹਰ ਰੋਜ਼ ਸਰਕਾਰ ਦੇ ਮੁਲਾਜ਼ਮ-ਮਜ਼ਦੂਰ ਵਿਰੋਧੀ ਕਿਰਦਾਰ ਦੇ ਖਿਲਾਫ਼ ਅਤੇ ਮੈਨੇਜਮੈਂਟ ਦੀ ਵਰਕਰਾਂ ਦੀਆਂ ਮੰਗਾਂ ਪ੍ਰਤੀ ਬੇਰੁਖੀ ਵਿਰੁੱਧ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ।