ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਕਤੂਬਰ
ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਆਪਣੀਆਂ ਅਤੇ ਕੰਟਰੈਕਟ ਤੇ ਆਊਟ ਸੋਰਸਿਜ਼ ਮੁਲਾਜ਼ਮਾਂ ਦੀਆਂ ਮੰਗਾਂ ਲਈ ਸਿਵਲ ਸਰਜਨ ਦਫ਼ਤਰ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੇ ਦਫਤਰਾਂ ਅੱਗੇ ਰੈਲੀਆਂ ਕੀਤੀਆਂ ਗਈਆਂ। ਜਿਸ ਦੌਰਾਨ ਮੁਲਾਜ਼ਮ ਮੰਗਾਂ ਨੂੰ ਨਜ਼ਰਅੰਦਾਜ ਕਰਨ ’ਤੇ ਇਨ੍ਹਾਂ ਅਧਿਕਾਰੀਆਂ ਦਾ ਮੁਲਾਜ਼ਮ ਵਰਗ ਨੇ ਜ਼ੋਰਦਾਰ ਪਿੱਟ ਸਿਆਪਾ ਕੀਤਾ।
ਮੁਲਾਜ਼ਮਾਂ ਦੇ ਇਸ ਧਰਨੇ ਨੂੰ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸਮੇਤ ਬਲਜਿੰਦਰ ਸਿੰਘ, ਮਾਧੋ ਲਾਲ, ਰਾਮ ਲਾਲ ਰਾਮਾ, ਅਨਿਲ ਗਾਗਟ, ਸੁਖਦੇਵ ਝੰਡੀ, ਜਸਵੰਤ ਸਿੰਘ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਮਾਧੋ ਰਾਹੀ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਅਨੀਲ ਕੁਮਾਰ ਗਾਗਟ, ਸੁਖਦੇਵ ਸਿੰਘ ਝੰਡੀ, ਅਮਰਨਾਥ, ਹਰਨੇਕ ਸਿੰਘ, ਇੰਦਰਪਾਲ ਵਾਲਿਆ ਆਦਿ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਦਾ ਕਹਿਣਾ ਸੀ ਕਿ ਇਨ੍ਹਾਂ ਅਧਿਕਾਰੀਆਂ ਵੱਲੋਂ ਵਾਰ ਵਾਰ ਸਮਾਂ ਦੇ ਕੇ ਵੀ ਮੀਟਿੰਗ ਨਾ ਕਰਨ ਅਤੇ ਮੰਗਾਂ ਤੇੇ ਯਾਦ ਪੱਤਰ ਦਾ ਵੀ ਕੋਈ ਉਤਰ ਦੇਣ ਦੀ ਜਹਿਮਤ ਨਹੀਂ ਉਠਾਈ ਗਈ। ਮੈਡੀਕਲ ਸੁਪਰਡੈਂਟ ਵੱਲੋਂ ਕੰਟਰੈਕਟ/ਆਊਟ ਸੋਰਸਿਜ਼ ਕਰਮੀਆਂ ’ਤੇ ਘੱਟੋ ਘੱਟ ਉਜਰਤਾਂ ਅਤੇ ਇਸ ਦਾ ਬਕਾਇਆ, ਈ.ਪੀ.ਐੱਫ., ਈ.ਐੱਸ.ਆਈ. ਸਾਲ 8:33 ਬੋਨਸ ਅਤੇ ਕਿਰਤ ਕਾਨੂੰਨਾਂ ਅਨੁਸਾਰ ਸਹੁਲਤਾਂ ਨਾ ਦੇਣ ਤੇ ਸੇਵਾਵਾ ਰੈਗੂਲਰ ਕਰਨ ਲਈ ਸਰਕਾਰ ਨੂੰ ਡਾਟਾ ਨਾ ਭੇਜਣਾ, ਤਨਖਾਹਾਂ ਸਮੇਂ ਸਿਰ ਨਾ ਦੇਣਾ, ਇਸ ਤਰ੍ਹਾਂ ਕੰਮ ਤੋਂ ਹਟਾਏ ਕਾਮਿਆਂ ਨੂੰ ਕੰਮ ’ਤੇ ਹਾਜ਼ਰ ਨਾ ਕਰ ਕੇ ਇਹ ਠੇਕੇਦਾਰ ਦਾ ਪੱਖ ਪੂਰ ਰਹੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਹਸਪਤਾਲ ਵਿਚਲੀਆਂ ਮੁਢਲੀਆਂ ਸਹੂਲਤਾਂ ਮੁਹੱਈਆ ਨਾ ਕਰਵਾਉਣਾ ਅਤੇ ਕਰਮੀਆਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਇਸ ਤਰ੍ਹਾਂ ਸਿਵਲ ਸਰਜਨ ਵੀ ਮੁਲਾਜ਼ਮ ਮੰਗਾਂ ’ਤੇ ਲਟਕਾਊ ਨੀਤੀ ਅਪਣਾਉਣ ਦਾ ਗੰਭੀਰ ਨੋਟਿਸ ਲਿਆ ਗਿਆ।
ਇਸ ਧਰਨੇ ਦੌਰਾਨ ਸ਼ਾਮਲ ਆਗੂਆਂ ਨੇ ਦੱਸਿਆ ਕਿ ਘੱਟੋ ਘੱਟ ਉਜਰਤਾਂ ਵਿੱਚ ਕੀਤਾ ਵਾਧਾ ਲਾਗੂ ਕਰਵਾਉਣ ਲਈ ਪੜਾਅਵਾਰ ਸੰਘਰਸ਼ ਕੀਤਾ ਜਾਵੇਗਾ ਅਤੇ 18 ਅਕਤੂਬਰ ਨੂੰ ਡੀ.ਸੀ ਦਫ਼ਤਰ ਅੱਗੇ ਰੈਲੀ ਕੀਤੀ ਜਾਵੇਗੀ।