ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 29 ਮਾਰਚ
ਇਥੇ ਦਸ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਅੱਜ ਦੂਜੇ ਦਿਨ ਵੀ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਏਟਕ ਦੇ ਮੀਤ ਪ੍ਰਧਾਨ ਗੁਰਧਿਆਨ ਸਿੰਘ ਅਤੇ ਸੀਟੂ ਦੇ ਪ੍ਰਧਾਨ ਅਬਦੁੱਲ ਸਤਾਰ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ ,ਜਿਸ ਵਿੱਚ ਕਿਸਾਨ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਰੋਸ ਰੈਲੀ ਨੂੰ ਭਰਪੂਰ ਸਿੰਘ ਬੂਲਾਪੁਰ, ਰਣਜੀਤ ਸਿੰਘ ਰਾਣਵਾਂ, ਡਾ. ਹਰਨੇਕ ਸਿੰਘ ਕਲਿਆਣ, ਕਰਤਾਰ ਸਿੰਘ ਮਹੋਲੀ, ਚਰਨਜੀਤ ਸਿੰਘ ਹਥਨ, ਨਿਰਮਲ ਸਿੰਘ ਅਲੀਪੁਰ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ’ਤੇ ਚੱਲ ਕੇ ਕਾਰਪੋਰੇਟ ਘਰਾਣਿਆਂ ਦਾ ਹਿੱਤ ਪੂਰਿਆ ਜਾ ਰਿਹਾ ਹੈ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇਥੇ ਪੈਪਸੀਕੋ ਇੰਡੀਆ ਹੋਲਡਿੰਗਜ਼ ਵਰਕਰਜ ਯੂਨੀਅਨ ਵੱਲੋਂ ਅੱਜ ਪੈਪਸੀਕੋ ਕੰਪਨੀ ਵਿਚ ਇਕ ਦਿਨ ਦੀ ਮੁਕੰਮਲ ਹੜਤਾਲ ਕੀਤੀ ਗਈ ਤੇ ਇਲਾਕੇ ਦੀਆਂ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਪੈਪਸੀਕੋ ਦੇ ਗੇਟ ’ਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਜ਼ਿਲ੍ਹਾ ਏਟਕ ਜਨਰਲ ਸਕੱਤਰ ਸੁਖਦੇਵ ਸ਼ਰਮਾ, ਸੁਖਚੈਨ ਸਿੰਘ ਅਤੇ ਕ੍ਰਿਸ਼ਨ ਸਿੰਘ ਭੜੋ ਨੇ ਸੰਬੋਧਨ ਕੀਤਾ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਇਥੇ ਸੁਨਾਮ ਦੀਆਂ ਟਰੇਡ ਯੂਨੀਅਨਾਂ ਵੱਲੋਂ ਅੱਜ ਸਥਾਨਕ ਘੁੰਮਣ ਭਵਨ ਤੋਂ ਲੈ ਕੇ ਅਗਰਸ਼ੈਨ ਚੌਕ ਤੱਕ ਪੈਦਲ ਮਾਰਚ ਕਰਕੇ ਬੱਸ ਅੱਡੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਾਮਰੇਡ ਵਰਿੰਦਰ ਕੌਸ਼ਿਕ, ਕਿਸਾਨ ਆਗੂ ਕਾਮਰੇਡ ਜਰਨੈਲ ਸਿੰਘ ਜਨਾਲ, ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ, ਸੀਟੂ ਆਗੂ ਕਾਮਰੇਡ ਹੰਗੀ ਖਾਂ ਨੇ ਸੰਬੋਧਨ ਕੀਤਾ।
ਡਕਾਲਾ (ਪੱਤਰ ਪ੍ਰੇਰਕ): ਸਥਾਨਕ ਇਲਾਕੇ ਅੰਦਰ ਬੈਂਕਿੰਗ ਸੇਵਾਵਾਂ ਦਾ ਕੰਮਕਾਜ ਠੱਪ ਰਿਹਾ। ਏਟੀਐੱਮ ਸੇਵਾਵਾਂ ਵੀ ਬੁਰੀ ਤਰਾਂ ਪ੍ਰਭਾਵਿਤ ਰਹੀਆਂ। ਇਲਾਕੇ ਦੇ ਡਾਕ ਘਰਾਂ ’ਚ ਵੀ ਹੜਤਾਲ ਰਹੀ। ਹੜਤਾਲੀ ਆਗੂਆਂ ਨੇ ਨਿੱਜੀਕਰਨ ਦੇ ਵਿਰੋਧ ’ਚ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮੋਦੀ ਸਰਕਾਰ ਦਾ ਪੁਤਲਾ ਸਾੜਿਆ
ਘਨੌਰ (ਪੱਤਰ ਪ੍ਰੇਰਕ): ਕੇਂਦਰੀ ਟਰੇਡ ਯੂਨੀਅਨਾਂ ਅਤੇ ਹੋਰਨਾਂ ਜਨਤਕ ਜਥੇਬੰਦੀਆਂ ਦੇ ਆਗੂਆਂ ਧਰਮਪਾਲ ਸਿੰਘ ਸੀਲ, ਡਾ. ਵਿਜੇਪਾਲ ਘਨੌਰ, ਜਗਪਾਲ ਸਿੰਘ ਮੰਡੌਲੀ, ਸੁਨੀਲ ਕੁਮਾਰ ਹਰਪਾਲਪੁਰ, ਪ੍ਰੇਮ ਸਿੰਘ ਘਨੌਰ ਅਤੇ ਪਰਮਜੀਤ ਕੌਰ ਕਪੂਰੀ ਦੀ ਅਗਵਾਈ ਵਿੱਚ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਕਸਬਾ ਘਨੌਰ ਦੇ ਬੱਸ ਸਟੈਂਡ ਨੇੜੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ।