ਰਵੇਲ ਸਿੰਘ ਭਿੰਡਰ
ਪਟਿਆਲਾ, 27 ਦਸੰਬਰ
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਸ਼ਹੀਦ ਕਿਸਾਨ ਭੀਮ ਸਿੰਘ ਦੇ ਪਰਿਵਾਰ ਨੂੰ ਮਦਦ ਵਜੋਂ 3 ਲੱਖ ਦਾ ਚੈੱਕ ਸੌਂਪਦਿਆਂ ਉਨ੍ਹਾਂ ਦੇ ਦੋਵੇਂ ਬੱਚਿਆਂ ਦੀ ਪੜ੍ਹਾਈ ਪੂਰੀ ਕਰਵਾਉਣ ਦੀ ਵੀ ਜ਼ਿੰਮੇਵਾਰੀ ਲੈਣ ਦਾ ਐਲਾਨ ਕੀਤਾ ਹੈ। ਰੱਖੜਾ ਨੇ ਅੱਜ ਉਨ੍ਹਾਂ ਦੇ ਪਿੰਡ ਫਤਹਿਗੜ੍ਹ ਛੰਨਾ ਵਿੱਚ ਪਰਿਵਾਰ ਨਾਲ ਅਫਸੋਸ ਜ਼ਾਹਰ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। 3 ਲੱਖ ਰੁਪਏ ’ਚੋਂ ਇੱਕ ਲੱਖ ਰੁਪਏ ਐੱਸਜੀਪੀਸੀ ਨੇ ਅਤੇ 2 ਲੱਖ ਰੁਪਏ ਰੱਖੜਾ ਨੇ ਆਪਣੀ ਨਿੱਜੀ ਜੇਬ ’ਚੋਂ ਦਿੱਤਾ। ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਜਦੋਂ ਤੱਕ ਸ਼ਹੀਦ ਕਿਸਾਨ ਭੀਮ ਸਿੰਘ ਦੇ ਬੱਚੇ ਪੜਨਾ ਚਾਹੁਣ ਉੱਚ ਸਿੱਖਿਆ ਤੱਕ ਸਮੁੱਚੀ ਪੜ੍ਹਾਈ ਦਾ ਖਰਚਾ ਉਹ ਖੁਦ ਕਰਨਗੇ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਕੁਲਦੀਪ ਸਿੰਘ ਨੱਸੂਪੁਰ, ਜਸਪਾਲ ਸਿੰਘ ਕਲਿਆਣ, ਕਪੂਰ ਚੰਦ ਬਾਂਸਲ, ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਹਰਜਿੰਦਰ ਸਿੰਘ ਬੱਲ, ਮਲਕੀਤ ਸਿੰਘ ਡਕਾਲਾ, ਬਲਦੇਵ ਸਿੰਘ ਬਠੋਈ, ਅਜਮੇਰ ਸਿੰਘ ਪਸਿਆਣਾ ਸਮੇਤ ਹੋਰ ਆਗੂ ਵੀ ਮੌਜੂਦ ਸਨ।