ਸਮਾਣਾ(ਨਿੱਜੀ ਪੱਤਰ ਪ੍ਰੇਰਕ): ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਹਲਕਾ ਸਮਾਣਾ ਦੇ ਵਿਧਾਇਕ ਰਜਿੰਦਰ ਸਿੰਘ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਸਮਾਣਾ ’ਚ 75 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਉਣ ਦੇ ਕੀਤੇ ਜਾ ਰਹੇ ਦਾਅਵੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਵਿਧਾਇਕ ਰਜਿੰਦਰ ਸਿੰਘ ਆਪਣੇ ਕਾਰਜਕਾਲ ਦੌਰਾਨ 75 ਕਰੋੜ ਰੁਪਏ ਦੇ ਸਮਾਣਾ ’ਚ ਕਰਵਾਏ ਕੰਮ ਗਿਣਾ ਦੇਵੇ ਤਾਂ ਸ਼੍ਰੋਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਨਹੀਂ ਲੜੇਗਾ। ਉਨ੍ਹਾਂ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਰਜਿੰਦਰ ਸਿੰਘ ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਸਮਾਣਾ ’ਚ ਕਰਵਾਏ ਵਿਕਾਸ ਕਾਰਜਾਂ ਦੇ ਮੁਕਾਬਲੇ ਅੱਧੇ ਕੰਮ ਹੀ ਗਿਣਾ ਦੇਵੇ ਤਾਂ ਵੀ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਮੈਦਾਨ ਵਿਚੋਂ ਵਾਪਿਸ ਲੈ ਲਵੇਗਾ। ਉਨ੍ਹਾਂ ਕਿਹਾ ਕਿ ਰਜਿੰਦਰ ਸਿੰਘ ਦੱਸੇ ਕਿ ਉਸਨੇ ਸ਼ਹਿਰ ਵਿਚ ਕਿੰਨੇ ਟਿਊਬਵੈੱਲ ਲਗਵਾਏ ਹਨ, ਕਿੰਨੀਆਂ ਧਰਮਸ਼ਾਲਾਵਾਂ ਨੂੰ, ਮੰਦਰਾਂ ਨੂੰ ਜਾ ਗੁਰਦੁਆਰਿਆਂ ਨੂੰ ਗ੍ਰਾਂਟ ਦਿੱਤੀ ਹੈ। ਉਹ ਅੱਜ ਸਮਾਣਾ ਵਿਖੇ ਵਾਰਡ ਨੰਬਰ 19 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਰੇਣੂ ਰਾਣੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਸਨ।